ਵੱਖ -ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਡਿਪਟੀ ਕਮਿਸ਼ਨਰ ਫਾਜ਼ਿਲਕਾ ਸਰਦਾਰ ਮਨਪ੍ਰੀਤ ਸਿੰਘ ਛਤਵਾਲ । ਤਸਵੀਰ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਫ਼ਾਜ਼ਿਲਕਾ, 17 ਅਗਸਤ:
ਮੌਸਮ ਵਿਭਾਗ ਵੱਲੋਂ ਸੂਬੇ ਵਿਚ ਅਗਲੇ ਦੋ-ਤਿੰਨ ਦਿਨ ਭਾਰੀ ਬਾਰਿਸ਼ ਪੈਣ ਦੀ ਚਿਤਾਵਨੀ ਅਤੇ ਭਾਖੜਾ ਡੈਮ ਵਿੱਚੋਂ ਵਾਧੂ ਪਾਣੀ ਛੱਡਣ ਦੇ ਸਨਮੁਖ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਬਚਾਅ ਕਾਰਜਾਂ ਸਬੰਧੀ ਜ਼ਿਲ੍ਹੇ ਵਿੱਚ ਕੀਤੇ ਗਏ ਪ੍ਰਬੰਧ ਯਕੀਨੀ ਬਣਾਉਣ ਲਈ ਅੱਜ ਸਮੁੱਚੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ ਅਤੇ ਅਧਿਕਾਰੀਆਂ ਸਣੇ ਦਰਿਆ ਤੇ ਹੋਰਨਾਂ ਜਲ ਸਰੋਤਾਂ ਨੇੜੇ ਰਹਿੰਦੇ ਲੋਕਾਂ ਨੂੰ ਦਿਨ-ਰਾਤ ਸੁਚੇਤ ਰਹਿਣ ਲਈ ਕਿਹਾ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਛੱਤਵਾਲ ਨੇ ਅਧਿਕਾਰੀਆਂ ਨੂੰ 24 ਘੰਟੇ ਮੋਬਾਈਲ ਚਾਲੂ ਰੱਖਣ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਅਧਿਕਾਰੀ ਸੰਭਾਵੀ ਹੜ੍ਹਾਂ ਨਾਲ ਪ੍ਰਭਾਵਿਤ ਹੋਣ ਵਾਲੇ ਖੇਤਰਾਂ ਨੇੜੇ ਰਹਿੰਦੇ ਲੋਕਾਂ ਨਾਲ ਨਿਰੰਤਰ ਤਾਲਮੇਲ ਬਣਾਈ ਰੱਖਣ ਤਾਂ ਜੋ ਕਿਸੇ ਅਣਸੁਖਾਵੀਂ ਸਥਿਤੀ ਨਾਲ ਤੁਰੰਤ ਨਜਿੱਠਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਸਤਲੁਜ ਦਰਿਆ, ਬੀਕਾਨੇਰ ਨਹਿਰ ਤੇ ਹੋਰਨਾਂ ਸੰਵੇਦਨਸ਼ੀਲ ਜਲ ਸਰੋਤਾਂ ਦੇ ਕੰਢੇ ਅਤੇ ਨੀਵੇਂ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਇਨ੍ਹਾਂ ਨੇੜੇ ਨਾ ਜਾਣ ਦੀ ਸਲਾਹ ਦਿੰਦਿਆਂ ਕਿਹਾ ਕਿ ਪਹਾੜੀ ਇਲਾਕੇ ਵਿਚ ਭਾਰੀ ਬਾਰਿਸ਼ ਹੋਣ ਤੋਂ ਬਾਅਦ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਰਕੇ ਅੱਜ ਸਵੇਰ ਤੱਕ 36,500 ਕਿਊਸਿਕ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਵਲੋਂ ਆਉਣ ਵਾਲੇ 72 ਘੰਟਿਆਂ ਵਿੱਚ ਸੂਬੇ 'ਚ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਮੱਦੇਨਜ਼ਰ ਦਰਿਆਵਾਂ, ਨਹਿਰਾਂ ਅਤੇ ਜਲ ਸਰੋਤਾਂ ਵਿਚ ਪਾਣੀ ਦਾ ਪੱਧਰ ਵੱਧ ਜਾਣ ਕਰਕੇ ਨੀਵੇਂ ਇਲਾਕਿਆਂ ਵਿੱਚ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਲੋਕਾਂ ਨੂੰ ਜਲ ਸਰੋਤਾਂ ਦੇ ਨੇੜੇ ਨਹੀਂ ਜਾਣਾ ਚਾਹੀਦਾ ਅਤੇ ਪੂਰੀ ਤਰ੍ਹਾਂ ਸਾਵਧਾਨ ਰਹਿਣਾ ਚਾਹੀਦਾ ਹੈ।
ਸ. ਛੱਤਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹਿਲਾਂ ਤੋਂ ਹੀ ਸਾਰੀ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਪ੍ਰਸ਼ਾਸਨ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਤਿਆਰ-ਬਰ-ਤਿਆਰ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੂਹ ਅਧਿਕਾਰੀਆਂ ਨੂੰ ਕਿਸੇ ਵੀ ਹੰਗਾਮੀ ਸਥਿਤੀ ਨਾਲ ਪੂਰੀ ਮੁਸਤੈਦੀ ਨਾਲ ਨਜਿੱਠਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਡਰ ਵਿੱਚ ਨਾ ਆਉਣ ਕਿਉਂਕਿ ਪ੍ਰਸ਼ਾਸਨ ਹਰ ਵਕਤ ਉਨ੍ਹਾਂ ਦੀ ਮਦਦ ਲਈ ਤਿਆਰ ਹੈ।
ਉਨ੍ਹਾਂ ਦੱਸਿਆ ਕਿ ਸਿਵਲ ਪ੍ਰਸ਼ਾਸਨ ਦਾ ਜ਼ਿਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ਨੰਬਰ 01638-262153 ਪੁਲਿਸ ਵਿਭਾਗ ਦਾ ਕੰਟਰੋਲ ਰੂਮ ਨੰਬਰ 01638-262800 ਤੇ 85588-00900 ਹੈ। ਇਸੇ ਤਰ੍ਹਾਂ ਤਹਿਸੀਲ ਪੱਧਰ 'ਤੇ ਦਫਤਰ ਉਪ ਮੰਡਲ ਮੈਜਿਸਟਰੇਟ ਵਿਖੇ ਅਤੇ ਸਿਹਤ, ਪੁਲਿਸ, ਬਿਜਲੀ ਬੋਰਡ ਤੇ ਵਾਟਰ ਸਪਲਾਈ ਵਿਭਾਗ ਵਿਖੇ ਹੜ੍ਹ ਕੰਟਰੋਲ ਰੂਮ ਸਥਾਪਤ ਕੀਤੇ ਜਾ ਚੁੱਕੇ ਹਨ, ਜੋ 24 ਘੰਟੇ ਚਾਲੂ ਹਨ। ਉਨ੍ਹਾਂ ਸਮੂਹ ਐਸ.ਡੀ.ਐਮ ਨੂੰ ਕਿਹਾ ਕਿ ਜ਼ਿਆਦਾ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਪਹਿਲਾਂ ਹੀ ਪਛਾਣ ਯਕੀਨੀ ਬਣਾਈ ਜਾਵੇ। ਉਨ੍ਹਾਂ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਪਿੰਡ ਮਹਾਤਮ ਨਗਰ ਤੋਂ ਲੈ ਕੇ ਕਾਵਾਂ ਵਾਲੀ ਤੱਕ ਬੁਰਜੀਆਂ 17, 22, 26 ਤੇ 27 ਦੇ ਬੰਨ੍ਹ ਨੇੜੇ ਚੌਕੀਆਂ ਸਥਾਪਤ ਕਰਨ ਦੇ ਨਾਲ-ਨਾਲ ਵਾਇਰਲੈਸ ਸੰਚਾਰ ਯੰਤਰ ਮੁਹੱਈਆ ਕਰਾਉਣੇ ਯਕੀਨੀ ਬਣਾਏ ਜਾਣ।
ਉਨ੍ਹਾਂ ਕਾਰਜਕਾਰੀ ਇੰਜੀਨੀਅਰ ਡਰੇਨਜ਼ ਵਿਭਾਗ ਨੂੰ ਹਦਾਇਤ ਦਿੱਤੀ ਕਿ ਜ਼ਿਲ੍ਹੇ ਅਧੀਨ ਆਉਂਦੀਆਂ ਨਹਿਰਾਂ ਤੇ ਡਰੇਨਾਂ ਦੀ ਸਾਫ-ਸਫਾਈ ਯਕੀਨੀ ਬਣਾ ਲਈ ਜਾਵੇ। ਉਨ੍ਹਾਂ ਆਦੇਸ਼ ਦਿੱਤੇ ਕਿ ਸਿਹਤ ਵਿਭਾਗ ਦੇ ਅਧਿਕਾਰੀ ਹੜ੍ਹਾਂ ਦੀ ਸਥਿਤੀ ਦੌਰਾਨ ਰਾਹਤ ਕੇਂਦਰਾਂ ਵਿਖੇ ਡਾਕਟਰੀ ਟੀਮਾਂ, ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀ ਪੀਣ ਵਾਲਾ ਸਾਫ-ਪਾਣੀ, ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਪਸ਼ੂਆਂ ਲਈ ਹਰੇ ਚਾਰੇ, ਦੂਰਸੰਚਾਰ ਵਿਭਾਗ ਦੇ ਅਧਿਕਾਰੀ ਸੰਚਾਰ ਸੇਵਾਵਾਂ, ਬਿਜਲੀ ਵਿਭਾਗ ਨਿਰਵਿਘਨ ਸਪਲਾਈ ਅਤੇ ਆਰ.ਟੀ.ਏ. ਵਿਭਾਗ ਦੇ ਅਧਿਕਾਰੀ ਵਾਹਨਾਂ ਦਾ ਪ੍ਰਬੰਧ ਯਕੀਨੀ ਬਣਾ ਲੈਣ। ਇਸ ਤੋਂ ਇਲਾਵਾ ਉਨ੍ਹਾਂ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਗੋਤਾਖੋਰਾਂ ਦੀ ਪਹਿਲਾਂ ਦੀ ਪਛਾਣ ਕਰਨ ਲਈ ਵੀ ਕਿਹਾ।
ਮੀਟਿੰਗ ਦੌਰਾਨ ਐਸ.ਡੀ.ਐਮ. ਫ਼ਾਜ਼ਿਲਕਾ ਸ੍ਰੀ ਸੁਭਾਸ਼ ਖੱਟਕ, ਐਸ.ਡੀ.ਐਮ. ਅਬੋਹਰ ਮੈਡਮ ਪੂਨਮ ਸਿੰਘ, ਐਸ.ਡੀ.ਐਮ. ਜਲਾਲਾਬਾਦ ਸ੍ਰੀ ਕੇਸ਼ਵ ਗੋਇਲ, ਐਸ.ਪੀ. (ਨਾਰਕੋਟਿਕਸ) ਸ਼੍ਰੀ ਜਗਦੀਸ਼ ਬਿਸ਼ਨੋਈ, ਕਾਰਜਸਾਧਕ ਅਫ਼ਸਰ ਫ਼ਾਜ਼ਿਲਕਾ ਸ਼੍ਰੀ ਰਜਨੀਸ਼ ਕੁਮਾਰ, ਸਿੱਖਿਆ ਵਿਭਾਗ ਤੋਂ ਡਿਪਟੀ ਡੀ.ਈ.ਓ. ਸ਼੍ਰੀ ਪ੍ਰਦੀਪ ਖਨਗਵਾਲ ਤੇ ਜ਼ਿਲ੍ਹਾ ਸਿੱਖਿਆ ਕੋਆਰਡੀਨੇਟਰ ਸ. ਪੰਮੀ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸ਼੍ਰੀ ਰਜਿੰਦਰ ਕੁਮਾਰ, ਐਸ.ਐਮ.ਓ ਡੱਬਵਾਲਾ ਕਲਾਂ ਸ਼੍ਰੀ ਚੰਦਰ ਮੋਹਨ ਕਟਾਰਿਆ, ਬੀ.ਡੀ.ਪੀ.ਓ ਖੂਈਆ ਸਰਵਰ ਸ ਭੁਪਿੰਦਰ ਸਿੰਘ, ਬੀ.ਡੀ.ਪੀ.ਓ ਸ਼੍ਰੀ ਹਰਜੀਤ ਸਿੰਘ, ਪੀ.ਐਸ.ਪੀ.ਸੀ.ਐਲ ਤੋ ਕਾਰਜਕਾਰੀ ਇੰਜੀਨੀਅਰ ਸ਼੍ਰੀ ਸੁਦੀਪ ਸੋਖਲ ਅਤੇ ਸੁਰੇਸ਼ ਕੁਮਾਰ, ਸੀਮਾ ਸੁਰੱਖਿਆ ਬਲ ਤੋਂ ਡਿਪਟੀ ਕਮਾਂਡੈਂਟ ਸ਼੍ਰੀ ਜਤਿੰਦਰ ਕੁਮਾਰ, ਡਿਪਟੀ ਕਮਾਂਡੈਂਟ ਸ਼੍ਰੀ ਲਕਮੀ ਚੰਦ ਬੇਨੀਵਾਲ, ਸਹਾਇਕ ਕਮਾਂਡੈਂਟ ਸ਼੍ਰੀ ਰਾਕੇਸ਼ ਰੰਜਨ, ਇੰਸਪੈਕਟਰ ਸ਼੍ਰੀ ਪ੍ਰਿੰਸ ਕੁਮਾਰ ਨਾਮਦੇਵ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਮੌਜੂਦ ਸਨ।