ਰਾਜਵੰਤ ਕੌਰ ਅਤੇ ਮਨਪ੍ਰੀਤ ਕੌਰ ਦੀ ਪੁਰਾਣੀ ਤਸਵੀਰ
ਜਗਦੀਸ਼ ਥਿੰਦ
ਬੱਲੂਆਣਾ / ਅਬੋਹਰ 17 ਅਗਸਤ , ਦਿਲ ਵਿੱਚ ਅਧੂਰੇ ਚਾਅ ਲੈ ਕੇ ਭਰ ਜਵਾਨੀ ਵਿੱਚ ਚੱਲ ਵੱਸੀਆਂ ਦੋ ਸਕੀਆਂ ਭੈਣਾਂ ਨੂੰ ਅੱਜ ਹਜ਼ਾਰਾਂ ਨਮ ਅੱਖਾਂ ਨੇ ਅੰਤਿਮ ਵਿਦਾਇਗੀ ਦਿੱਤੀ ।
ਚੰਡੀਗੜ੍ਹ ਸੈਕਟਰ 22 ਵਿੱਚ ਕਤਲ ਦਾ ਸ਼ਿਕਾਰ ਹੋ ਕੇ ਅਨਿਆਂਈ ਮੌਤ ਮਾਰੀਆਂ ਗਈਆਂ ਭੈਣਾਂ ਰਾਜਵੰਤ ਕੌਰ ਅਤੇ ਮਨਪ੍ਰੀਤ ਕੌਰ ਦਾ ਉਨ੍ਹਾਂ ਦੇ ਆਪਣੇ ਹੀ ਘਰ ( ਪੀ.ਜੀ . ) ਅੰਦਰ ਹੀ ਇੱਕ ਸਿਰਫਿਰੇ ਆਸ਼ਕ ਨੇ ਗਲਾ ਵੱਢ ਕੇ ਕਤਲ ਕਰ ਦਿੱਤਾ ਸੀ ।
ਕਤਲ ਹੋਣ ਤੋਂ ਅੱਜ ਤੀਜੇ ਦਿਨ ਜਦੋਂ ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਬੱਲੂਆਣਾ ਸ਼ਮਸ਼ਾਨ ਘਾਟ ਵਿੱਚ ਲਿਆਂਦੀਆਂ ਗਈਆਂ ਤਾਂ ਮਾਪਿਆਂ ਦਾ ਵਿਰਲਾਪ ਦੇਖ ਕੇ ਹਰੇਕ ਅੱਖ ਹੰਝੂ ਵਹਾਅ ਰਹੀ ਸੀ ।
ਵਰਨਣਯੋਗ ਹੈ ਕਿ ਬੱਲੂਆਣਾ ਨਿਵਾਸੀ ਸਿਕੰਦਰ ਸਿੰਘ ਪੁੱਤਰ ਪ੍ਰਤਾਪ ਸਿੰਘ ਦੇ ਪਰਿਵਾਰ ਵਿੱਚ ਚਾਰ ਬੱਚੇ ਹਨ ਜਿਨ੍ਹਾਂ ਵਿਚੋਂ ਤਿੰਨ ਲੜਕੀਆਂ ਅਤੇ ਇੱਕ ਲੜਕਾ ਹੈ ।
ਵੱਡੀ ਲੜਕੀ ਸਿੰਗਾਪੁਰ ਵਿੱਚ ਸੈਟਲ ਹੈ ਅਤੇ ਉਹ ਵੀ ਅਣਵਿਆਹੀ ਹੈ ।
ਦੋ ਭੈਣਾਂ ਰਾਜਵੰਤ ਕੌਰ ਅਤੇ ਮਨਪ੍ਰੀਤ ਕੌਰ ਪਿਛਲੇ ਲੰਬੇ ਅਰਸੇ ਤੋਂ ਚੰਡੀਗੜ੍ਹ ਵਿੱਚ ਰਹਿ ਰਹੀਆਂ ਸਨ ।
ਸਿਕੰਦਰ ਸਿੰਘ ਦਾ ਪੁੱਤਰ ਲਵਪ੍ਰੀਤ ਸਿੰਘ ਪੁੱਡਾ ਵਿੱਚ ਬਤੌਰ ਐੱਸ ਡੀ ਓ ਨੌਕਰੀ ਕਰ ਰਿਹਾ ਹੈ ।
ਇਨ੍ਹਾਂ ਸਾਰੇ ਬੱਚਿਆਂ ਨੇ ਬਾਰਵੀਂ ਤੱਕ ਦੀ ਪੜ੍ਹਾਈ ਬੱਲੂਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਅਗਲੇਰੀ ਸਿੱਖਿਆ ਅਬੋਹਰ ਅਤੇ ਹੋਰਨਾਂ ਸ਼ਹਿਰਾਂ ਤੋਂ ।
ਅਨੁਸੂਚਿਤ ਜਾਤੀ ਨਾਲ ਗਰੀਬੀ ਜੀਵਨ ਵਿੱਚੋਂ ਨਿਕਲੇ ਇਸ ਪਰਿਵਾਰ ਨੇ ਆਰਥਿਕ ਤੌਰ ਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਥਾਪਤ ਕੀਤਾ ਹੈ ।
ਪਿੰਡ ਬੱਲੂਆਣਾ ਵਿੱਚ ਸਿਕੰਦਰ ਸਿੰਘ ਦੇ ਪਰਵਾਰ ਦੀ ਸ਼ਾਨਦਾਰ ਕੋਠੀ ਹੋਣ ਦੇ ਨਾਲ - ਨਾਲ ਕਾਰਾਂ ਤੇ ਹੋਰ ਆਧੁਨਿਕ ਸੁੱਖ ਸਹੂਲਤਾਂ ਵੀ ਮੌਜੂਦ ਹਨ ।
ਕੁਝ ਮਹੀਨੇ ਪਹਿਲਾਂ ਇਸ ਪਰਿਵਾਰ ਨੇ ਕੋਠੀ ਦੇ ਮਹੂਰਤ ਦੇ ਰੂਪ ਵਿੱਚ ਇੱਕ ਫੰਕਸ਼ਨ ਕੀਤਾ ਸੀ ।
ਜਿਸ ਵਿੱਚ ਇਨ੍ਹਾਂ ਲੜਕੇ ਅਤੇ ਲੜਕੀਆਂ ਦੇ ਦੋਸਤ ਵੀ ਸ਼ਾਮਲ ਹੋਏ ਸਨ ।
ਕਤਲ ਕਰਨ ਵਾਲਾ ਨੌਜਵਾਨ ਵਾਲੇ ਨੌਜਵਾਨ ਦੇ ਵੀ ਇਸ ਪਰਿਵਾਰ ਨਾਲ ਗੂੜੇ ਸਬੰਧ ਸਨ ਅਤੇ ਉਹ ਸਿਕੰਦਰ ਸਿੰਘ ਦੀ ਬੇਟੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ।
ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਆਰਥਿਕ ਤੌਰ ਤੇ ਖੁਸ਼ਹਾਲ ਹੋਣ ਦੇ ਬਾਵਜੂਦ ਅੱਜ ਸਿਕੰਦਰ ਸਿੰਘ ਦੇ ਚਾਰੇ ਧੀਆਂ ਪੁੱਤ ਅਜੇ ਅਣਵਿਆਹੇ ਸਨ ਜਿਹਨਾਂ ਵਿੱਚੋਂ ਦੋ ਬਦਕਿਸਮਤ ਭੈਣਾਂ ਮੌਤ ਦਾ ਸ਼ਿਕਾਰ ਹੋ ਗਈਆਂ ।