ਲੋਕੇਸ਼ ਰਿਸ਼ੀ
ਗੁਰਦਾਸਪੁਰ, 17 ਅਗਸਤ 2019-ਬਟਾਲਾ ਪੁਲਿਸ ਵੱਲੋਂ ਇੱਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮਲੇਸ਼ੀਆ ਵਾਸੀ ਇਸ ਔਰਤ ਨੂੰ ਦਿੱਲੀ ਏਅਰਪੋਰਟ ਤੋਂ ਕਾਬੂ ਕੀਤਾ ਗਿਆ, ਜੋ ਕਿ ਮਲੇਸ਼ੀਆ ਤੋਂ ਵਾਪਸ ਭਾਰਤ ਪਰਤ ਰਹੀ ਸੀ। ਪੁਲਿਸ ਵੱਲੋਂ ਕਾਬੂ ਕੀਤੀ ਗਈ ਇਸ ਔਰਤ ਉੱਪਰ ਰੈਫਰੰਡਮ 2020 ਅਧੀਨ ਪੰਜਾਬ ਦੇ ਭੋਲੇ ਭਾਲੇ ਨੌਜਵਾਨਾਂ ਨੂੰ ਵਰਗਲਾਉਣ, ਸੂਬੇ ਅੰਦਰ ਵੱਖ ਵੱਖ ਹਿੰਸਕ ਘਟਨਾਵਾਂ ਲਈ ਉਕਸਾਉਣ ਅਤੇ ਅੱਤਵਾਦੀ ਗਤੀਵਿਧੀਆਂ ਸਬੰਧੀ ਫੰਡਿਆਂ ਕਰਨ ਸਬੰਧੀ ਪੁਲਿਸ ਨੂੰ ਇਸ ਔਰਤ ਦੀ ਤਲਾਸ਼ ਸੀ। ਫ਼ਿਲਹਾਲ ਪੁਲਿਸ ਵੱਲੋਂ ਇਸ ਔਰਤ ਨੂੰ ਅਦਾਲਤ ਵਿਖੇ ਪੇਸ਼ ਕਰਨ ਮਗਰੋਂ 6 ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ।
ਪੂਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਬਟਾਲਾ ਪੁਲਿਸ ਵੱਲੋਂ ਕਰੀਬ ਇੱਕ ਸਾਲ ਪਹਿਲਾਂ 31 ਮਈ 2018 ਨੂੰ ਬਟਾਲਾ ਅਧੀਨ ਆਉਂਦੇ ਪਿੰਡ ਹਰਪੁਰਾ ਧੰਦੋਈ ਅਤੇ ਪੰਜਗਰਾਈਆਂ ਵਿਖੇ ਸ਼ਰਾਬ ਠੇਕਿਆਂ ਨੂੰ ਅੱਗ ਲਾਉਣ ਸਬੰਧੀ ਤਿੰਨ ਨੌਜਵਾਨਾਂ ਨੂੰ ਗਿਰਫਤਾਰ ਕੀਤਾ ਗਿਆ ਸੀ। ਪੁੱਛ ਗਿੱਛ ਦੌਰਾਨ ਇਹ ਤਿੰਨੇ ਨੌਜਵਾਨ ਰੈਫਰੰਡਮ 2020 ਨਾਲ ਸਬੰਧਿਤ ਪਾਏ ਗਏ ਅਤੇ ਕਾਬੂ ਕੀਤੇ ਗਏ ਨੌਜਵਾਨਾਂ ਨੇ ਮੰਨਿਆ ਸੀ ਕਿ ਉਹ ਸਿੱਖ ਫ਼ਾਰ ਜਸਟਿਸ ਦੇ ਲੀਗਲ ਐਡਵਾਈਜ਼ਰ ਗੁਰਪਤਵੰਤ ਸਿੰਘ ਪੰਨੂ ਸਮੇਤ ਮਲੇਸ਼ੀਆ ਵਿਖੇ ਰਹਿੰਦੀ ਔਰਤ ਕੁਲਵੀਰ ਕੌਰ ਦੇ ਸੰਪਰਕ ਵਿੱਚ ਸਨ। ਉਨ੍ਹਾਂ ਨੌਜਵਾਨਾਂ ਨੇ ਇਹ ਵੀ ਮੰਨਿਆ ਸੀ ਕਿ ਪੰਨੂ 'ਤੇ ਕੁਲਵੀਰ ਕੌਰ ਉਨ੍ਹਾਂ ਨੂੰ ਅਜਿਹੀਆਂ ਗਤੀਵਿਧੀਆਂ ਲਈ ਫੰਡਿੰਗ ਕਰ ਰਹੇ ਸਨ । ਜਿਸ ਤੋਂ ਬਾਦ ਬਟਾਲਾ ਪੁਲਿਸ ਵੱਲੋਂ ਕੁਲਬੀਰ ਕੌਰ ਖ਼ਿਲਾਫ਼ ਵੱਖ ਵੱਖ ਅੱਤਵਾਦੀ ਨਿਰੋਧਕ ਧਾਰਾਵਾਂ ਹੇਠ ਮਾਮਲਾ ਦਰਜ ਕਰਦਿਆਂ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ।
ਡੀ.ਐੱਸ.ਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਕੁਲਵੀਰ ਕੌਰ ਮਲੇਸ਼ੀਆ ਤੋਂ ਭਾਰਤ ਪਰਤ ਰਹੀ ਹੈ। ਜਿਸ ਤੋਂ ਬਾਦ ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਕੁਲਵੀਰ ਕੌਰ ਦੇ ਦਿੱਲੀ ਏਅਰਪੋਰਟ ਤੇ ਉੱਤਰਦਿਆਂ ਹੀ ਉਸ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਕਾਬੂ ਕੀਤੀ ਗਈ ਔਰਤ ਨੂੰ ਬਟਾਲਾ ਦੇ ਡਿਊਟੀ ਮੈਜਿਸਟਰੇਟ ਸਾਹਮਣੇ ਪੇਸ਼ ਕਰਨ ਮਗਰੋਂ ਪੁੱਛ ਗਿੱਛ ਲਈ 6 ਦਿਨਾਂ ਦਾ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ।
ਸੰਜੀਵ ਕੁਮਾਰ ਨੇ ਦੱਸਿਆ ਕਿ ਦੱਸਿਆ ਕਿ ਇਹਨਾਂ ਲੋਕਾਂ ਦਾ ਮਕਸਦ ਪੰਜਾਬ ਦੇ ਭੋਲੇ ਭਾਲੇ ਨੌਜਵਾਨਾਂ ਨੂੰ ਗੁਮਰਾਹ ਕਰ ਕੇ ਉਨ੍ਹਾਂ ਪਾਸੋਂ ਸੂਬੇ ਅੰਦਰ ਡਰ ਦਾ ਮਾਹੌਲ ਤਿਆਰ ਕਰਵਾਉਣਾ ਸੀ। ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਪਰਮੋਟ ਕਰਕੇ ਖ਼ਾਲਿਸਤਾਨ ਪੱਖੀ ਰੈਫਰੰਡਮ 2020 ਦੀ ਲਹਿਰ ਨੂੰ ਹੁਲਾਰਾ ਦਿੱਤਾ ਜਾ ਸਕੇ।