ਐਸ. ਏ. ਐਸ. ਨਗਰ, 17 ਅਗਸਤ 2019 - ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਵਿਧਾਨ ਸਭਾ ਹਲਕੇ ਮੁਹਾਲੀ ਦੀਆਂ 21 ਪੰਚਾਇਤਾਂ ਨੂੰ ਪਾਣੀ ਵਾਲੇ ਟੈਂਕਰ ਭੇਟ ਕੀਤੇ ਤਾਂ ਜੋ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਦੂਰ ਕੀਤਾ ਜਾ ਸਕੇ।
ਇਥੇ ਫੇਜ਼-1 ਵਿਖੇ ਹੋਏ ਸਮਾਰੋਹ ਦੌਰਾਨ ਸਿੱਧੂ ਨੇ ਕਿਹਾ ਕਿ ਮੁਹਾਲੀ ਹਲਕੇ ਨੂੰ ਪੂਰੇ ਪੰਜਾਬ ਵਿੱਚੋਂ ਨਮੂਨੇ ਦਾ ਹਲਕਾ ਬਣਾਇਆ ਜਾ ਰਿਹਾ ਹੈ ਅਤੇ ਪਿੰਡਾਂ ਨੂੰ ਸ਼ਹਿਰਾਂ ਦੀ ਤਰਜ਼ 'ਤੇ ਬੁਨਿਆਦੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਹਲਕੇ ਦੀਆਂ ਸੜਕਾਂ 'ਤੇ ਕਰੋੜਾਂ ਰੁਪਏ ਖਰਚੇ ਜਾ ਚੁੱਕੇ ਹਨ ਅਤੇ ਕਰੋੜਾਂ ਰੁਪਏ ਦੀਆਂ ਤਜਵੀਜ਼ਾਂ ਤਿਆਰ ਕਰ ਕੇ ਭੇਜੀਆਂ ਹੋਈਆਂ ਹਨ। ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਕਰਨ ਲਈ ਨਵੇਂ ਟਿਊਬਵੈੱਲਾਂ ਦਾ ਕੰਮ ਚੱਲ ਰਿਹਾ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਹਲਕੇ ਵਿੱਚ ਵਿਕਾਸ ਕਾਰਜਾਂ 'ਤੇ ਤਕਰੀਬਨ 18 ਕਰੋੜ 19 ਲੱਖ ਰੁਪਏ ਖਰਚੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਪਿੰਡਾਂ ਦੇ ਵਿਕਾਸ ਕਾਰਜਾਂ ਲਈ 14ਵੇਂ ਵਿੱਚ ਕਮਿਸ਼ਨ ਅਤੇ ਮਗਨਰੇਗਾ ਫੰਡਾਂ ਵਿੱਚੋਂ 3 ਕਰੋੜ 16 ਲੱਖ ਅਤੇ ਆਰ.ਡੀ.ਐੱਫ. (ਰੂਰਲ ਡਿਵੈਲਪਮੈਂਟ ਫੰਡ) ਵਿੱਚੋਂ 1 ਕਰੋੜ 2 ਲੱਖ ਰੁਪਏ ਖਰਚੇ ਜਾ ਚੁੱਕੇ ਹਨ ਅਤੇ ਆਰ.ਡੀ.ਐੱਫ. ਦੀ ਦੂਜੀ ਕਿਸ਼ਤ 1 ਕਰੋੜ 2 ਲੱਖ ਰੁਪਏ ਆਉਣ ਵਾਲੇ ਦਿਨਾਂ ਵਿੱਚ ਜਾਰੀ ਹੋ ਜਾਵੇਗੀ।
ਸਿੱਧੂ ਨੇ ਦੱਸਿਆ ਕਿ ਸ਼ਹਿਰ ਦੀਆਂ 100 ਤੋਂ ਵੱਧ ਵੈੱਲਫੇਅਰ ਐਸੋਸੀਏਸ਼ਨਾਂ ਨੂੰ 51-51 ਹਜ਼ਾਰ ਰੁਪਏ ਦੇ ਚੈੱਕ ਸਮਾਜਿਕ ਕੰਮਾਂ ਲਈ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ ਹਨ। ਕਿਰਤ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਤਹਿਤ ਹਲਕਾ ਮੁਹਾਲੀ ਦੇ 958 ਲਾਭਪਾਤਰੀਆਂ ਦੇ ਖਾਤਿਆਂ ਵਿੱਚ 1 ਕਰੋੜ 7 ਲੱਖ ਰੁਪਏ ਦੀ ਰਾਸ਼ੀ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਰਬੱਤ ਸਿਹਤ ਬੀਮਾ ਯੋਜਨਾ ਲਾਗੂ ਕਰਨ ਜਾ ਰਹੀ ਹੈ, ਜਿਸ ਦਾ ਆਗਾਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 20 ਅਗਸਤ ਨੂੰ ਮੁਹਾਲੀ ਤੋਂ ਕਰਨਗੇ। ਸੂਬੇ ਦੇ ਲਗਭਗ 43 ਲੱਖ ਪਰਿਵਾਰਾਂ ਨੂੰ ਇਸ ਸਕੀਮ ਦੇ ਘੇਰੇ ਵਿੱਚ ਲਿਆ ਕੇ ਪੰਜ ਲੱਖ ਤੱਕ ਦਾ ਇਲਾਜ ਮੁਫਤ ਕੀਤਾ ਜਾਵੇਗਾ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਬਲਾਕ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਠੇਕੇਦਾਰ ਮੋਹਨ ਸਿੰਘ ਬਠਲਾਣਾ, ਸਰਪੰਚ ਹਰਚਰਨ ਸਿੰਘ ਗਿੱਲ ਲਾਂਡਰਾ, ਰਣਜੀਤ ਸਿੰਘ ਗਿੱਲ ਸਰਪੰਚ ਜਗਤਪੁਰਾ, ਜਗਤਾਰ ਸਿੰਘ ਸਰਪੰਚ ਬਾਕਰਪੁਰ, ਅਜਮੇਰ ਸਿੰਘ ਸਰਪੰਚ ਦਾਊਂ, ਦਵਿੰਦਰ ਸਿੰਘ ਸਰਪੰਚ ਕੁਰੜਾ, ਸੁਖਵਿੰਦਰ ਸਿੰਘ ਸਰਪੰਚ ਮੀਢੇਮਾਜਰਾ, ਮਨਜੀਤ ਸਿੰਘ ਤੰਗੋਰੀ ਮੈਂਬਰ ਬਲਾਕ ਸਮਿਤੀ, ਗੁਰਵਿੰਦਰ ਸਿੰਘ ਬੜੀ ਮੈਂਬਰ ਬਲਾਕ ਸਮਿਤੀ, ਜੀ. ਐਸ. ਰਿਆੜ, ਕਰਮਜੀਤ ਸਿੰਘ ਸਰਪੰਚ ਬਠਲਾਣਾ, ਪੰਡਤ ਭੁਪਿੰਦਰ ਕੁਮਾਰ ਨਗਾਰੀ ਸਰਪੰਚ ਨਗਾਰੀ, ਤਰਸੇਮ ਸਿੰਘ ਸਰਪੰਚ ਗੀਗੇਮਾਜਰਾ, ਚੌਧਰੀ ਭਗਤ ਰਾਮ ਸਰਪੰਚ ਸਨੇਟਾ, ਹਰਜਿੰਦਰ ਸਿੰਘ ਸਰਪੰਚ ਢੇਲਪੁਰ, ਮਨਜੀਤ ਸਿੰਘ ਤੰਗੋਰੀ ਮੈਂਬਰ ਬਲਾਕ ਸਮਿਤੀ, ਭਗਵੰਤ ਸਿੰਘ ਗੀਗੇਮਾਜਰਾ, ਸੁਖਦੀਪ ਸਿੰਘ ਸਰਪੰਚ ਝਾਮਪੁਰ, ਫਕੀਰ ਸਿੰਘ ਸਰਪੰਚ ਮੋਟੇਮਾਜਰਾ, ਸ਼ਮਸ਼ੇਰ ਸਿੰਘ ਕੈਲੋਂ ਮੈਂਬਰ ਬਲਾਕ ਸਮਿਤੀ, ਅਜਾਇਬ ਸਿੰਘ ਬਾਕਰਪੁਰ ਮੈਂਬਰ ਬਲਾਕ ਸਮਿਤੀ, ਡਾਕਟਰ ਸੁਰਜੀਤ ਸਿੰਘ ਗਰੇਵਾਲ ਮੈਂਬਰ ਬਲਾਕ ਸਮਿਤੀ ਅਤੇ ਜਗਦੀਪ ਸਿੰਘ ਝਾਮਪੁਰ ਹਾਜ਼ਰ ਸਨ।