ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ।
''ਮਾਮਲਾ ਨੌਵੀ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਦਾ ਬਸੀ ਜੇਲ 'ਚ ਕੈਦ ਰਹਿਣ ਦਾ''
ਪਟਿਆਲਾ 17 ਅਗਸਤ 2019 (ਜੀ ਐੱਸ ਪੰਨੂ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਹੁਣ ਜਦੋਂ ਇਤਿਹਾਸਕ ਤੋਰ ਤੇ ਸਾਬਤ ਹੋ ਚੁੱਕਿਆ ਹੈ ਕਿ ਸਿੱਖਾਂ ਦੇ ਨੌਵੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ 4 ਮਹੀਨੇ ਦੇ ਕਰੀਬ ਸਮੇਂ ਦੀ ਜ਼ਾਬਰ ਤੇ ਜ਼ਾਲਮ ਮੁਗਲ ਹਕੂਮਤ ਵਲੋਂ ਦਿਲੀ ਜਾਣ ਸਮੇਂ ਗ੍ਰਿਫਤਾਰ ਕਰਕੇ ਬਸੀ ਪਠਾਣਾ ਦੀ ਜੇਲ ਵਿੱਚ ਕੈਦ (ਨਜ਼ਰਬੰਦ) ਰੱਖੇ ਗਏ ਸਨ, ਉਸ ਸਮੇਂ ਗੁਰੂ ਸਾਹਿਬ ਦੇ ਸੇਵਕ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਸਨ। ਇਸ ਲਈ ਪੰਜਾਬ ਸਰਕਾਰ ਨੂੰ ਇਸ ਸਿੱਖ ਇਤਿਹਾਸ ਨਾਲ ਜੁੜੀ ਇਮਾਰਤ ਨੂੰ ਸ੍ਰੋਮਣੀ ਕਮੇਟੀ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ, ਤਾਂ ਜੋ ਬਸੀ ਪਠਾਣਾ ਵਿਖੇ ਗੁਰੂ ਸਾਹਿਬ ਜੀ ਦੀ ਯਾਦ ਵਿਚ ਯੋਗ ਯਾਦਗਾਰ ਸਥਾਪਤ ਕੀਤੀ ਜਾ ਸਕੇ। ਪ੍ਰੋ. ਬਡੂੰਗਰ ਨੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਵੱਲੋਂ ਇਸ ਸਚਾਈ ਨੂੰ ਉਘਾੜਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨਾਂ ਨੇ ਇਤਿਹਾਸਕ ਤੱਥਾਂ ਨੂੰ ਉਭਾਰਿਆ ਹੈ ਤੇ ਇਸ ਦੇ ਨਾਲ ਹੀ ਲੰਮੇਂ ਸਮੇਂ ਤੋਂ ਇਲਾਕੇ ਦੀ ਸੰਗਤ ਵਲੋਂ ਇਹ ਮੰਗ ਉਠਦੀ ਰਹੀ ਹੈ ਕਿ ਇਸ ਸਿੱਖ ਇਤਿਹਾਸ ਨਾਲ ਸਬੰਧ ਰੱਖਣ ਵਾਲੀ ਜ਼ੇਲ ਵਿਚ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਗੁਰੂਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਸ ਸਚਾਈ ਨੂੰ ਉਘਾੜਨ ਵਾਲੇ ਸ. ਬੀਰਦਵਿੰਦਰ ਸਿੰਘ ਵਲੋਂ ਇਤਿਹਾਸਕ ਤੱਥਾਂ ਦੇ ਵੇਰਵੇ ਤਹਿਤ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਮੰਗ ਕੀਤੀ ਗਈ ਸੀ ਕਿ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਜਾਵੇ, ਕਿਉਂਕਿ ਇਸ ਜੇਲ ਦਾ ਪੰਜਾਬ ਸਰਕਾਰ ਵਲੋਂ ਨਵੀਨੀਕਰਨ ਕਰਕੇ ਜ਼ਿਲਾ ਜ਼ੇਲ ਬਣਾਉਣ ਦੀ ਤਜ਼ਵੀਜ਼ ਤਿਆਰ ਕੀਤੀ ਗਈ ਹੈ । ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਇਤਿਹਾਸ ਰਿਸਰਚ ਬੋਰਡ ਵੱਲੋ ਤਿੰਨ ਸਕਾਲਰਾਂ ਰਾਜਵਿੰਦਰ ਸਿੰਘ, ਬੀਬੀ ਸਿਮਰਨਜੀਤ ਕੌਰ ਅਤੇ ਬੀਬੀ ਗੁਰਮੀਤ ਕੌਰ ਨੇ ਗੁਰਦੁਆਰਾ ਫਤਿਹਗੜ ਸਾਹਿਬ ਵਿਖੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਇਤਿਹਾਸਕ ਤੱਥਾਂ ਦੀ ਜਾਣਕਾਰੀ ਸਾਂਝੀ ਕੀਤੀ। ਜਦਕਿ ਪੰਜਾਬ ਸਰਕਾਰ ਵੀ ਇਸ ਮਾਮਲੇ ਤੇ ਸੁਹਿਰਦ ਹੋ ਚੁੱਕੀ ਹੈ ਕਿਉਂÎਕਿ ਇਸ ਸਬੰਧੀ ਇਕ ਪੱਤਰ ਪੰਜਾਬ ਸਰਕਾਰ ਨੇ ਬੀਰਦਵਿੰਦਰ ਸਿੰਘ ਨੂੰ ਭੇਜਿਆ ਹੈ ਜਿਸ ਤਹਿਤ ਪੰਜਾਬ ਸਰਕਾਰ ਦੇ ਪੁਰਾਤਤਵ ਵਿਭਾਗ ਵਲੋਂ ਵੀ ਤਿੰਨ ਮੈਬਰੀ ਕਮੇਟੀ ਦਾ ਗਠਨ ਕਰਿਆ ਹੈ।