-ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਵਾਸੀਆਂ ਦੀ ਜਾਨ-ਮਾਲ ਦੀ ਰਾਖੀ ਕਰਨ ਲਈ ਵਚਨਬੱਧ - ਡਿਪਟੀ ਕਮਿਸ਼ਨਰ
-ਵਧੀਕ ਡਿਪਟੀ ਕਮਿਸ਼ਨਰ ਸੰਧੂ ਦੀ ਅਗਵਾਈ ਵਿਚ ਟੀਮ ਨੇ ਦਰਿਆ ਪਾਰ ਵਿਅਕਤੀਆਂ ਨੂੰ ਲਿਆਂਦਾ ਵਾਪਸ
-ਡਿਪਟੀ ਕਮਿਸ਼ਨਰ ਨੇ ਬਰਸਾਤਾਂ ਦੌਰਾਨ ਦਰਿਆ ਨੇੜਲੇ ਲੋਕਾਂ ਨੂੰ ਦਰਿਆ ਪਾਰ ਨਾ ਕਰਨ ਦੀ ਕੀਤੀ ਅਪੀਲ
ਗੁਰਦਾਸਪੁਰ, 17 ਅਗਸਤ 2019 - ਵਿਪੁਲ ਉਜਵਲ ਡਿਪਟੀ ਕਮਿਸ਼ਨਰ ਦੀ ਯੋਗ ਅਗਵਾਈ ਹੇਠ ਤੁਰੰਤ ਚੁੱਕੇ ਗਏ ਕਦਮਾਂ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਅੱਜ 11 ਵਿਅਕਤੀਆਂ ਦੀ ਜਾਨ ਬਚਾਉਣ ਵਿੱਚ ਸਫਲ ਹੋਇਆ ਹੈ। ਇਸ ਰੈਸਕਿਊ ਆਪਰੇਸ਼ਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਆਰਮੀ ਅਥਾਰਟੀ ਤਿੱਬੜੀ ਮਿਲਟਰੀ ਸਟੇਸ਼ਨ ਨੇ ਵੀ ਆਪਣਾ ਅਹਿਮ ਯੋਗਦਾਨ ਪਾਇਆ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਹਨੂੰਵਾਨ ਨਜ਼ਦੀਕ ਬਿਆਸ ਦਰਿਆ ਨੇੜਲੇ ਪਿੰਡ ਚੇਚੀਆਂ ਛੋੜੀਆਂ ਦੇ ਗੁੱਜਰ ਭਾਈਚਾਰੇ ਦੇ 11 ਲੋਕ ਜਿਨਾਂ ਵਿਚ 4 ਔਰਤਾਂ ਤੇ 7 ਪੁਰਸ਼ ਸ਼ਾਮਿਲ ਸਨ, ਪਸ਼ੂ ਲੈ ਕੇ ਦਰਿਆ ਵਿੱਚ ਗਏ ਸਨ ਪਰ ਦਰਿਆ ਵਿਚ ਅਚਾਨਕ ਮੀਂਹ ਦੇ ਪਾਣੀ ਵਧਣ ਨਾਲ ਇਹ ਵਿਅਕਤੀ ਦਰਿਆ ਵਿੱਚ ਫਸ ਗਏ। ਜ਼ਿਲ੍ਹਾ ਪ੍ਰਸ਼ਾਸਨ ਨੂੰ ਜਦ ਇਸ ਦਾ ਪਤਾ ਲੱਗਾਂ ਤਾਂ ਤੁਰੰਤ ਆਰਮੀ ਨਾਲ ਮਿਲ ਕੇ ਕੀਤੀ ਕਾਰਵਾਈ ਨਾਲ ਵਿਅਕਤੀਆਂ ਤੇ ਪਸ਼ੂਆਂ ਨੂੰ ਸਹੀ ਸਲਾਮਤ ਬਚਾ ਲਿਆ ਗਿਆ। ਇਸ ਪੂਰੇ ਰੈਸਕਿਊ ਆਪਰੇਸ਼ਨ ਵਿੱਚ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਵਿੱਚ ਪੂਰੀ ਟੀਮ ਦਰਿਆ ਤੋਂ ਪਾਰ ਗਈ ਤੇ ਵਿਅਕਤੀਆਂ ਨੂੰ ਵਾਪਸ ਲਿਆਂਦਾ ਗਿਆ।
ਡਿਪਟੀ ਕਮਿਸ਼ਨਰ ਨੇ ਦਰਿਆ ਨੇੜਲੇ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਦਰਿਆ ਬਿਆਸ ਤੇ ਰਾਵੀ ਵਿੱਚ ਪਿਛੋਂ ਪਾਣੀ ਆ ਰਿਹਾ ਹੈ, ਇਸ ਲਈ ਦਰਿਆ ਤੋਂ ਪਾਰ ਨਾ ਜਾਇਆ ਜਾਵੇ।