ਪੰਜਾਬੀ ਨਾਵਲਕਾਰ ਪ੍ਰੋ: ਨਿਰੰਜਨ ਸਿੰਘ ਤਸਨੀਮ ਨਹੀਂ ਰਹੇ
ਡਾ ਗੁਰਵਿੰਦਰ ਸਿੰਘ / ਗੁਰਭਜਨ ਗਿੱਲ
ਲੁਧਿਆਣਾ / ਸਰੀ , 17 august , 2019 :
'ਗੁਆਚੇ ਅਰਥ', 'ਇੱਕ ਹੋਰ ਨਵਾਂ ਸਾਲ', 'ਜਦੋਂ ਸਵੇਰ ਹੋਈ' ਅਤੇ ਦਰਜਨ ਤੋਂ ਵੱਧ ਬਿਹਤਰੀਨ ਪੰਜਾਬੀ ਨਾਵਲਾਂ ਦੇ ਲਿਖਾਰੀ ਡਾ ਨਰਿੰਦਰ ਸਿੰਘ ਤਸਨੀਮ ਸਾਡੇ ਵਿਚਕਾਰ ਨਹੀਂ ਰਹੇ।ਡਾਕਟਰ ਸਾਹਿਬ ਦੇ ਦਾਮਾਦ ਬਲਜੀਤ ਸਿੰਘ 'ਸੰਦਲੀ- ਪੈੜਾਂ' ਦੂਰਦਰਸ਼ਨ ਵਾਲੇ ਅਤੇ ਵੱਡੀ ਧੀ ਵਰਿੰਦਰ ਕੌਰ ਜੀ ਨੇ ਇਹ ਦੁੱਖਦਾਈ ਖ਼ਬਰ ਦਿੰਦਿਆਂ ਦੱਸਿਆ ਕਿ ਬਾਅਦ ਦੁਪਹਿਰ ਚਾਰ ਵਜੇ (ਪੰਜਾਬ ਦੇ ਸਮੇਂ ਅਨੁਸਾਰ) ਡਾਕਟਰ ਸਾਹਿਬ ਨੇ ਲੁਧਿਆਣਾ ਸਥਿਤ ਆਪਣੇ ਘਰ ਵਿਖੇ ਆਖ਼ਰੀ ਸਾਹ ਲਿਆ। ਐਤਵਾਰ ਦੁਪਹਿਰ ਇੱਕ ਵਜੇ ਲੁਧਿਆਣਾ ਵਿਖੇ ਤਸਨੀਮ ਸਾਹਿਬ ਦਾ ਸਸਕਾਰ ਹੋਵੇਗਾ। ਨਿਰੰਜਨ ਤਸਨੀਮ ਸਾਹਿਬ ਦਾ ਨਾਵਲ 'ਜਦੋਂ ਸਵੇਰ ਹੋਈ' ਕਾਲਜ ਦੇ ਦਿਨਾਂ ਵਿੱਚ ਪੜ੍ਹਦੇ ਰਹੇ ਤੇ ਬਹੁਤ ਵਧੀਆ ਪ੍ਰਭਾਵ ਪਿਆ।
ਡਾਕਟਰ ਨਿਰੰਜਨ ਤਸਨੀਮ ਸਾਹਿਬ ਦਾ ਜਨਮ 1929 ਵਿੱਚ ਅੰਮ੍ਰਿਤਸਰ ਵਿਖੇ ਹੋਇਆ। ਕਾਫੀ ਸਮੇਂ ਤੱਕ ਪਾਕਿਸਤਾਨ ਸਥਿਤ ਪੰਜਾਬ ਨਾਲ ਜੁੜੇ ਰਹੇ।ਆਪ ਉੱਘੇ ਲਿਖਾਰੀ ਸਆਦਤ ਹਸਨ ਮੰਟੋ ਅਤੇ ਰਾਜਿੰਦਰ ਸਿੰਘ ਬੇਦੀ ਦੇ ਸਮਕਾਲੀ ਸਨ। ਪਹਿਲਾਂ ਉਨ੍ਹਾਂ ਉਰਦੂ 'ਚ ਲਿਖਣਾ ਸ਼ੁਰੂ ਕੀਤਾ, ਮਗਰੋਂ ਅੰਗਰੇਜ਼ੀ ਦੇ ਪ੍ਰੋਫੈਸਰ ਰਹੇ। 'ਸ਼ਿਮਲਾ ਇੰਸਟੀਚਿਊਟ ਆਫ ਐਡਵਾਂਸ ਲਰਨਿੰਗ ਸਟੱਡੀਜ਼' ਦੇ ਨਾਲ ਜੁੜੇ ਹੋਣ ਦਾ ਮਾਣ ਵੀ ਉਨ੍ਹਾਂ ਨੂੰ ਹਾਸਲ ਹੋਇਆ। ਪੰਜਾਬੀ ਵਿੱਚ ਉਨ੍ਹਾਂ ਦੇ ਲਿਖੇ ਨਾਵਲਾਂ ਦੀ ਸਦਾ ਚਰਚਾ ਹੁੰਦੀ ਰਹੀ। 'ਗੁਆਚੇ ਅਰਥ' ਨਾਵਲ ਨੂੰ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ। ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ ਅਤੇ ਪੰਜਾਬੀ ਸਾਹਿਤ ਰਤਨ ਦਾ ਪੁਰਸਕਾਰ ਮਿਲਣ ਤੋਂ ਇਲਾਵਾ ਡਾਕਟਰ ਤਸਨੀਮ ਪਾਠਕਾਂ ਦੇ ਹਰਮਨ ਪਿਆਰੇ ਲਿਖਾਰੀ ਸਨ। ਉਨ੍ਹਾਂ ਦੂਰਦਰਸ਼ਨ ਲਈ ਕਈ ਰਚਨਾਵਾਂ ਵੀ ਲਿਖੀਆਂ, ਜੋ ਦਰਸ਼ਕਾਂ ਨੇ ਬਹੁਤ ਪਸੰਦ ਕੀਤੀਆਂ। ਪਰਿਵਾਰ ਵਿੱਚ ਵੱਡੀ ਧੀ ਵਰਿੰਦਰ ਕੌਰ ਤੋਂ ਇਲਾਵਾ ਛੋਟੀ ਧੀ ਅਤੇ ਇੱਕ ਲੜਕਾ, ਜੋ ਕਿ ਲੁਧਿਆਣਾ ਵਿਖੇ ਡਾਕਟਰ ਹਨ ਅਤੇ ਤੀਜੀ ਪੀੜ੍ਹੀ ਦਾ ਵੱਡਾ ਪਰਿਵਾਰ, ਡਾਕਟਰ ਸਾਹਿਬ ਪਿੱਛੇ ਛੱਡ ਗਏ ਹਨ। ਪੰਜਾਬੀ, ਅੰਗਰੇਜ਼ੀ ਅਤੇ ਉਰਦੂ ਸਮੇਤ ਬਹੁ-ਭਾਸ਼ਾਈ ਗਿਆਨ ਅਤੇ ਬਹੁ-ਪੱਖੀ ਸ਼ਖ਼ਸੀਅਤ ਦੇ ਵਿਛੋੜੇ ਦੀ ਪੰਜਾਬੀ ਸਾਹਿਤ ਨੂੰ ਘਾਟ ਰਹੇਗੀ।
-------------------
ਪੰਜਾਬੀ ਨਾਵਲਕਾਰ
ਪ੍ਰੋ: ਨਰਿੰਜਨ ਤਸਨੀਮ
ਸਦੀਵੀ ਅਲਵਿਦਾ ਕਹਿ ਗਏ।
ਪਹਿਲੀ ਮਈ 1929 ਨੂੰ
ਅੰਮ੍ਰਿਤਸਰ ਚ ਪੈਦਾ ਹੋਏ ਸਨ।
ਭਾਰਤੀ ਸਾਹਿਤ ਅਕਾਡਮੀ ,
ਭਾਸ਼ਾ ਵਿਭਾਗ ਦੇ ਸਰਵੋਤਮ ਪੁਰਸਕਾਰ ਵਿਜੇਤਾ ਸਨ।
ਅੰਤਿਮ ਸੰਸਕਾਰ ਐਤਵਾਰ
ਦੁਪਹਿਰ ਇੱਕ ਵਜੇ ਮਾਡਲ ਟਾਉਨ ਐਕਸਟੈਨਸ਼ਨ ਸ਼ਮਸ਼ਾਨਘਾਟ ਲੁਧਿਆਣਾ ਚ ਹੋਵੇਗਾ।
ਉਨ੍ਹਾਂ ਦੇ ਬੇਟੇ ਡਾ: ਗੁਰਿੰਦਰਜੀਤ ਸਿੰਘ ਪੁਰੀ ਦਾ ਨੰਬਰ
91 98761 70054 ਹੈ।
ਬਹੁਤ ਅਫਸੋਸ ਹੈ ਤਸਨੀਮ ਜੀ ਦੇ ਜਾਣ ਦਾ।
ਗੁਰਭਜਨ ਗਿੱਲ
ਕ ਕ ਬਾਵਾ
ਜਗਤਾਰ ਧੀਮਾਨ
(ਨਵੀਂ ਦਿੱਲੀ ਤੋਂ ਕਲਕੱਤੇ ਜਾਂਦਿਆਂ)