ਫ਼ਿਰੋਜ਼ਪੁਰ ਦੇ ਸਤਲੁਜ ਨਾਲ ਲਗਦੇ 17 ਪਿੰਡਾਂ ਨੂੰ ਖ਼ਾਲੀ ਕਰਵਾਉਣ ਦੇ ਦਿੱਤੇ ਗਏ ਨਿਰਦੇਸ਼
ਗੁਰਨਾਮ ਸਿੱਧੂ
ਫ਼ਿਰੋਜ਼ਪੁਰ 18 ਅਗਸਤ (): ਪੰਜਾਬ ਵਿੱਚ ਹੋ ਰਹੀ ਲਗਾਤਾਰ ਬਾਰਸ਼ ਨਾਲ ਪੰਜਾਬ ਅੰਦਰ ਹੜ੍ਹਾਂ ਦੀ ਸਸਥਿਤੀ ਬਣ ਗਈ ਹੈ। ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਤਲੁਜ 'ਤੇ ਵੱਸਦੇ 17 ਪਿੰਡਾਂ ਨੂੰ ਖ਼ਾਲੀ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਅੱਜ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸਪੈਸ਼ਲ ਤੌਰ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ, ਐਸਐਸਪੀ ਵਿਵੇਕਸ਼ੀਲ ਸੋਨੀ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਰਿਆਈ ਪਿੰਡਾਂ ਦਾ ਦੌਰਾ ਕੀਤਾ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੇ ਕਿਹਾ ਕਿ ਲਗਾਤਾਰ ਹੋ ਰਹੀ ਬਾਰਸ਼ ਕਾਰਨ ਹੜ੍ਹ ਦੀ ਸਥਿਤੀ ਬਣ ਚੁੱਕੀ ਹੈ ਅਤੇ ਅੱਜ ਰਾਤ 9 ਤੋਂ 10 ਵਜੇ ਤੱਕ ਪਾਣੀ ਦਾ ਪੱਧਰ ਤਿੰਨ ਲੱਖ ਪੰਜਾਹ ਹਜ਼ਾਰ ਕਿਊਸਿਕ ਤੱਕ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਹੁਸੈਨੀਵਾਲਾ ਸਰਹੱਦ ਤੋਂ ਥੱਲੇ ਪੈਂਦੇ ਸਤਲੁਜ ਦੇ ਕੰਡੇ 17 ਪਿੰਡਾਂ ਜਿਨ੍ਹਾਂ ਵਿਚ ਗੱਟੀ ਰਾਜੋਕੇ, ਟੇਂਡੀਵਾਲਾ, ਖੁੰਦਰ ਗੱਟੀ, ਚਾਂਦੀ ਵਾਲਾ, ਬਸਤੀ ਭਾਗ ਸਿੰਘ, ਜੱਲੋਕੇ, ਹਜ਼ਾਰਾ ਸਿੰਘ ਵਾਲਾ, ਭਾਨੇ ਵਾਲਾ, ਹਰੀਮੇ ਕੇ, ਨਵੀਂ ਗੱਟੀ, ਭੱਖੜਾ, ਬਸਤੀ ਨਿਹੰਗਾਂ ਵਾਲੀ, ਚੂਹੜੀ ਵਾਲਾ, ਕਾਲੂ ਵਾਲਾ, ਬਸਤੀ ਮਹਿਤਾਬ ਸਿੰਘ, ਕਮਾਲੇ ਵਾਲਾ ਆਦਿ ਪਿੰਡਾਂ ਨੂੰ ਖ਼ਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਪਿੰਡਾਂ ਤੋਂ ਹਿਜਰਤ ਕਰਨ ਵਾਲੇ ਲੋਕਾਂ ਲਈ ਫ਼ਿਰੋਜ਼ਪੁਰ ਅੰਦਰ ਵਿਸ਼ੇਸ਼ ਕੈਂਪ ਲਗਾ ਕੇ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੜ੍ਹਾਂ ਦੀ ਸÎਥਿਤੀ ਨਾਲ ਨਜਿੱਠਣ ਲਈ ਵਿਸ਼ੇਸ਼ ਟੀਮਾਂ ਨੂੰ ਤਿਆਰ ਰਹਿਣ ਲਈ ਹੁਕਮ ਦੇ ਦਿੱਤੇ ਗਏ ਹਨ। ਇਸ ਮੌਕੇ ਬੋਲਦਿਆਂ ਜ਼ਿਲ੍ਹੇ ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਨੇ ਆਖਿਆ ਕਿ ਪੁਲਿਸ ਹਰ ਤਰ੍ਹਾਂ ਦੀ ਮੁਸੀਬਤ ਨਾਲ ਲੜਨ ਲਈ ਤਿਆਰ ਹੈ ਅਤੇ ਹੋਰਨਾਂ ਟੀਮਾਂ ਦੇ ਨਾਲ ਰਲ ਕੇ ਪੁਲਿਸ ਹਰ ਸੰਭਵ ਸਹਾਇਤਾ ਲਈ ਤਿਆਰ ਹੈ। ਉੱਧਰ ਪਿੰਡਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲੋਕਾਂ ਨੇ ਪਿੰਡਾਂ ਨੂੰ ਖ਼ਾਲੀ ਕਰਨ ਦਾ ਮਨ ਬਣਾ ਲਿਆ ਹੈ ਅਤੇ ਕਿਸੇ ਵੀ ਅਣਹੋਣੀ ਤੋਂ ਬਚਨ ਲਈ ਅੱਜ ਹੀ ਬਹੁਤ ਲੋਕ ਪਿੰਡ ਛੱਡ ਕੇ ਫ਼ਿਰੋਜ਼ਪੁਰ ਸ਼ਹਿਰ ਲਈ ਹਿਜਰਤ ਕਰ ਸਕਦੇ ਹਨ।
ਕੈਪਸ਼ਨ: ਡੀ ਸੀ ਚੰਦਰ ਗੈਂਦ, ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀ ਹੜ੍ਹਾਂ ਦੀ ਸਥਿਤੀ ਦਾ ਅਗਾਂਹ ਜਾਇਜ਼ਾ ਲੈਂਦੇ ਹੋਏ।