← ਪਿਛੇ ਪਰਤੋ
ਟਰੱਕ ਡਰਾਈਵਰ ਖਿਲਾਫ਼ ਮੁਕੱਦਮਾ ਦਰਜ ਗੁਰਨਾਮ ਸਿੱਧੂ ਫਿਰੋਜ਼ਪੁਰ 18 ਅਗਸਤ 2019: ਬੀਤੀ ਦੇਰ ਰਾਤ ਫਿਰੋਜ਼ਪੁਰ ਸ਼ਹਿਰ ਦੇ ਮੁੱਖ ਚੌਂਕ ਨੇੜੇ ਵਾਪਰੇ ਹਾਦਸੇ ਵਿੱਚ ਮਾਰੀਆਂ ਗਈਆਂ ਭੂਆ ਭਤੀਜੀ ਦਾ ਅੱਜ ਗਮਗੀਨ ਮਾਹੌਲ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਧਰ ਥਾਣਾ ਸਿਟੀ ਪੁਲਿਸ ਨੇ ਇਸ ਸਬੰਧ ਵਿੱਚ ਟਰੱਕ ਡਰਾਈਵਰ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਰਾਤ ਨੂੰ ਫਿਰੋਜ਼ਪੁਰ ਛਾਉਣੀ ਗਵਾਲ ਟੋਲੀ ਦਾ ਵਸਨੀਕ ਯੋਗਰਾਜ ਆਪਣੀ ਬੱਚੀ ਮੰਨਤ ਅਤੇ ਮਾਸੀ ਦੀ ਲੜਕੀ (ਭੈਣ) ਹੈਪੀ ਤੇ ਸਨੀ ਸਮੇਤ ਮੋਟਰਸਾਈਕਲ ਨੰਬਰ ਪੀ ਬੀ-05 ਏ ਕੇ 3936 'ਤੇ ਸਵਾਰ ਹੋ ਕੇ ਮੱਲਾਂਵਾਲਾ ਤੋਂ ਆਪਣੇ ਘਰ ਗਵਾਰ ਟੋਲੀ ਫਿਰੋਜਪੁਰ ਛਾਉਣੀ ਵਾਪਿਸ ਜਾ ਰਹੇ ਸੀ ਕਿ ਸ਼ਹੀਦ ਊਧਮ ਸਿੰਘ ਚੋਂਕ ਦੇ ਕੋਲ ਤੇਜ ਰਫਤਾਰ ਟਰੱਕ ਨੰਬਰ ਆਰ ਜੇ-13 ਜੀ 9829 ਦੇ ਚਾਲਕ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿਤੀ , ਜਿਸ ਨਾਲ ਮੋਟਰਸਾਈਕਲ ਤੇ ਸਵਾਰ ਚਾਰੇ ਲੋਕਾਂ ਦੇ ਟਰੱਕ ਦੀ ਲਪੇਟ ਵਿਚ ਆ ਜਾਣ ਨਾਲ 4 ਸਾਲ ਦੀ ਬੱਚੀ ਮੰਨਤ ਅਤੇ ਉਸਦੀ ਰਿਸ਼ਤੇ ਵਿਚ ਲੱਗਦੀ ਭੂਆ ਹੈਪੀ ਉਮਰ 16 ਸਾਲ ਦੀ ਮੌਕੇ 'ਤੇ ਮੌਤ ਹੋ ਗਈ। ਥਾਣਾ ਸਿਟੀ ਪੁਲਿਸ ਵੱਲੋਂ ਟਰੱਕ ਡਰਾਈਵਰ ਨੂੰ ਮੌਕੇ ਤੇ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਜਿਸ ਸਬੰਧੀ ਅੱਜ ਮ੍ਰਿਤਕ ਮੰਨਤ ਦੇ ਪਿਤਾ ਯੋਗਰਾਜ ਪੁੱਤਰ ਬਲਕਾਰ ਸਿੰਘ ਵਾਸੀ ਗਵਾਲ ਟੋਲੀ ਫਿਰੋਜ਼ਪੁਰ ਛਾਉਣੀ ਦੇ ਬਿਆਨਾਂ ਤੇ ਟਰੱਕ ਡਰਾਈਵਰ ਸੰਦੀਪ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਜਲਾਲਾਬਾਦ ਖਿਲਾਫ਼ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਧਾਰਾ 304 ਏ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਧਰ ਮ੍ਰਿਤਕ ਮੰਨਤ ਅਤੇ ਹੈਪੀ ਦੀਆਂ ਲਾਸ਼ਾਂ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ, ਜਿਹਨਾਂ ਦਾ ਅੱਜ ਸ਼ਾਮ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
Total Responses : 942