ਰੋਪੜ, 18 ਅਗਸਤ,2019: ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਸਥਾਨਕ ਪ੍ਰਸ਼ਾਸਨ ਤੇ ਭਾਖੜਾ ਬਿਆਸ ਮੈਨੇਜਮੈਂਟ ਤੋਂ ਬੀਤੀ ਸ਼ਾਮ ਤੋਂ ਹਰ ਇੱਕ ਘੰਟੇ ਬਾਅਦ ਇਲਾਕੇ ਚ ਹੜ੍ਹ ਦੀ ਸਥਿਤੀ ਦਾ ਜਾਇਜਾ ਲੈ ਰਹੇ ਹਨ। ਬਚਾਅ ਅਤੇ ਰਾਹਤ ਦਾ ਕੰਮ ਚੱਲ ਰਿਹਾ ਹੈ ।
ਉਨ੍ਹਾਂ ਹਾਲਾਤ ਸਥਿਰ ਹੋਣ ਤੋਂ ਬਾਅਦ ਹੜ੍ਹ ਕਾਰਨ ਖੜ੍ਹੀ ਫਸਲਾਂ ਨੂੰ ਹੋਏ ਨੁਕਸਾਨ ਦਾ ਵੀ ਅੰਕਲਨ ਕਰਨ ਦੇ ਆਦੇਸ਼ ਦਿੱਤੇ ਹਨ। ਤਿਵਾੜੀ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਇਲਾਕੇ ਦੀ ਸਥਿਤੀ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਿਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਡਿਪਟੀ ਕਮਿਸ਼ਨਰ ਤੇ ਬੀਬੀਐੱਮਬੀ ਦੇ ਚੇਅਰਮੈਨ ਸਮੇਤ ਸਥਾਨਕ ਅਫਸਰਾਂ ਨਾਲ ਵੀ ਗੱਲ ਕੀਤੀ ਹੈ।
ਮੈਂਬਰ ਲੋਕ ਸਭਾ ਨੇ ਕਿਹਾ ਕਿ ਪ੍ਰਸ਼ਾਸਨ ਨੇ ਪਹਿਲਾਂ ਤੋਂ ਹੀ ਬਚਾਅ ਲਈ ਉਪਾਅ ਕਰ ਲਏ ਸਨ, ਪਰ ਭਾਰੀ ਅਤੇ ਲਗਾਤਾਰ ਹੋ ਰਹੀ ਬਰਸਾਤ ਕਾਰਨ ਕਈ ਇਲਾਕਿਆਂ ਚ ਹੜ੍ਹ ਆ ਗਿਆ ਅਤੇ ਫਸਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਉਹ ਸੂਬਾ ਸਰਕਾਰ ਨੁਕਸਾਨ ਦਾ ਆਂਕਲਨ ਕਰਨ ਤੋਂ ਬਾਅਦ ਮੁਆਵਜ਼ਾ ਦੇਣ ਦੀ ਅਪੀਲ ਕਰਨਗੇ।
ਤਿਵਾੜੀ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਵੱਲੋਂ ਪ੍ਰਭਾਵਿਤਾਂ ਨੂੰ ਰਾਹਤ ਪਹੁੰਚਾਉਣ ਲਈ ਸਾਂਝੇ ਤੌਰ ਤੇ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਲੋਕਾਂ ਅਤੇ ਸਿਵਲ ਪ੍ਰਸ਼ਾਸਨ ਵਿਚਾਲੇ ਬਿਹਤਰ ਸਹਿਯੋਗ ਨੂੰ ਲੈ ਕੇ ਕਿਹਾ ਕਿ ਦੋਵੇਂ ਪ੍ਰਭਾਵਿਤਾਂ ਦੇ ਬਚਾਅ ਲਈ ਕੰਮ ਕਰ ਰਹੇ ਹਨ।