ਚਾਰੇ ਸਬ ਇੰਸਪੈਕਟਰਾਂ ਨੂੰ ਲਾਈਨ ਹਾਜ਼ਰ ਕੀਤਾ
ਜਿ਼ਲ੍ਹਾ ਪੁਲੀਸ ਮੁਖੀ ਨੇ ਵਿਭਾਗੀ ਪੜਤਾਲ ਐਸ.ਪੀ. ਹੈਡਕੁਆਟਰ ਨੂੰ ਸੌਂਪੀ
ਇਕ ਮਹੀਨੇ ਵਿੱਚ ਪੜਤਾਲ ਕਰ ਕੇ ਰਿਪੋਟਰ ਦੇਣ ਲਈ ਕਿਹਾ
ਫ਼ਤਹਿਗੜ੍ਹ ਸਾਹਿਬ, 18 ਅਗਸਤ 2019: ਡਿਊਟੀ ਵਿੱਚ ਕੁਤਾਹੀ ਦੇ ਦੋਸ਼ ਹੇਠ ਮਹਿਲਾ ਸਬ ਇੰਸਪੈਕਟਰ ਸੰਦੀਪ ਕੌਰ, ਥਾਣਾ ਫ਼ਤਹਿਗੜ੍ਹ ਸਾਹਿਬ, ਸਬ ਇੰਸਪੈਕਟਰ ਅਮਨਪ੍ਰੀਤ ਕੌਰ ਬਰਾੜ, ਥਾਣਾ ਖਮਾਣੋਂ, ਸਬ ਇੰਸਪੈਕਟਰ ਅਮਰਪਾਲ ਕੌਰ, ਥਾਣਾ ਮੰਡੀ ਗੋਬਿੰਦਗੜ੍ਹ ਅਤੇ ਮਹਿਲਾ ਸਬ ਇੰਸਪੈਕਟਰ ਸ਼ੁਕੰਤ ਚੌਧਰੀ, ਥਾਣਾ ਬਸੀ ਪਠਾਣਾਂ ਨੂੰ ਡਿਊਟੀ ਵਿੱਚ ਕੁਤਾਹੀ ਦੇ ਦੋਸ਼ ਹੇਠ ਮੁਅੱਤਲ ਕਰ ਕੇ ਲਾਈਨ ਹਾਜ਼ਰ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਪੁਲੀਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਕਿ ਇਸ ਸਬੰਧੀ ਵਿਭਾਗੀ ਪੜਤਾਲ ਐਸ.ਪੀ. (ਹੈਡਕੁਆਟਰ) ਸ. ਨਵਨੀਤ ਸਿੰਘ ਨੂੰ ਸੌਂਪ ਕੇ ਇਕ ਮਹੀਨੇ ਵਿੱਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ।
ਇਸ ਬਾਰੇ ਵਿਸਤਰਤ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਇਨ੍ਹਾਂ ਸਬ ਇੰਸਪੈਕਟਰਾਂ ਦੀ ਡਿਊਟੀ ਇਨ੍ਹਾਂ ਦੀਆਂ ਸਬ ਡਿਵੀਜ਼ਨਾਂ ਵਿੱਚ ਬੱਚਿਆਂ ਤੇ ਮਹਿਲਾਵਾਂ ਖਿਲਾਫ ਜੁਰਮਾਂ ਸਬੰਧੀ ਲਗਾਈ ਹੋਈ ਸੀ। ਅੱਜ ਇਕ ਮਹਿਲਾ ਸਬੰਧੀ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਕਾਰਵਾਈ ਕੀਤੀ ਜਾਣੀ ਸੀ। ਜਦੋਂ ਇਕ ਇਕ ਕਰ ਕੇ ਇਨ੍ਹਾਂ ਚਾਰਾਂ ਸਬ ਇੰਸਪੈਕਟਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਇਹ ਚਾਰੇ ਆਪਣੀ ਡਿਊਟੀ ’ਤੇ ਹਾਜ਼ਰ ਨਹੀਂ ਸਨ ਤੇ ਬਿਨਾਂ ਕਿਸੇ ਛੁੱਟੀ ਜਾਂ ਪ੍ਰਵਾਨਗੀ ਤੋਂ ਸਟੇਸ਼ਨ ਛੱਡ ਕੇ ਬਾਹਰ ਗਈਆਂ ਹੋਈਆਂ ਸਨ।
ਜਿ਼ਲ੍ਹਾ ਪੁਲੀਸ ਮੁਖੀ ਨੇ ਦੱਸਿਆ ਸੰਭਾਵੀ ਹੜ੍ਹਾਂ ਦੇ ਖਤਰੇ ਅਤੇ ਜੰਮੂ ਕਸ਼ਮੀਰ ਦੇ ਹਾਲਾਤ ਦੇ ਮੱਦੇਨਜ਼ਰ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਬਿਨਾਂ ਇਜਾਜ਼ਤ ਸਟੇਸ਼ਨ ਨਾ ਛੱਡਣ ਦੀਆਂ ਹਦਾਇਤਾਂ ਕੀਤੀਆਂ ਹੋਈਆਂ ਹਨ, ਜਿਨ੍ਹਾਂ ਦੀ ਇਨ੍ਹਾਂ ਵੱਲੋਂ ਪਾਲਣਾ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਡਿਊਟੀ ਸਬੰਧੀ ਕਿਸੇ ਕਿਸਮ ਦੀ ਅਣਗਿਹਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਜਿ਼ਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਦੂਜੇ ਪਾਸੇ ਵਿਮੈਨ ਸੈੱਲ ਦੀ ਇੰਚਾਰਜ ਸਬ ਇੰਸਪੈਕਟਰ ਗੁਰਦੀਪ ਕੌਰ ਨੇ ਫੌਰੀ ਰਿਪੋਰਟ ਕਰ ਕੇ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ, ਜਿਸ ਲਈ ਉਸ ਦਾ ਨਕਦ ਇਨਾਮ ਅਤੇ ਕਮੈਂਡੇਸ਼ਨ ਸਰਟੀਫਿਕੇਟ-ਕਲਾਸ 1 ਨਾਲ ਸਨਮਾਨ ਕੀਤਾ ਜਾਵੇਗਾ। ਗੁਰਦੀਪ ਕੌਰ ਪਹਿਲਾਂ ਵੀ ਆਪਣੀ ਪੂਰੀ ਇਮਾਨਦਾਰੀ ਤੇ ਸਿ਼ੱਦਤ ਨਾਲ ਨਿਭਾਉਂਦੀ ਹੈ।
ਫੋਟੋ ਕੈਪਸ਼ਨ: ਜਿ਼ਲ੍ਹਾ ਪੁਲੀਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਮਹਿਲਾ ਸਬ ਇੰਸਪੈਕਟਰਾਂ ਨੂੰ ਮੁਅੱਤਲ ਕੀਤੇ ਜਾਣ ਬਾਰੇ ਜਾਣਕਾਰੀ ਦਿੰਦੇ ਹੋਏ।