ਪਿੰਡ ਮੁਹਾਰ ਜਮਸ਼ੇਰ ਵਿਖੇ ਹੜ੍ਹ ਪ੍ਰਭਾਵਿਤ ਖ਼ੇਤਰ ਦਾ ਦੌਰਾ ਕਰਦੇ ਹੋਏ ਡਿਪਟੀ ਕਮਿਸ਼ਨਰ , ਵਿਧਾਇਕ ਅਤੇ ਅਧਿਕਾਰੀ । ਤਸਵੀਰ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਫਾਜਿਲਕਾ 18 ਅਗਸਤ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਵਿੱਚ ਸੰਭਾਵਿਤ ਹੜ੍ਹਾਂ ਦੀ ਮਾਰ ਹੇਠ ਆਉਣ ਵਾਲੇ ਪਿੰਡਾਂ ਦਾ ਅੱਜ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰ.ਮਨਪ੍ਰੀਤ ਸਿੰਘ ਛੱਤਵਾਲ ਵੱਲੋਂ ਦੌਰਾ ਕਰਕੇ ਆਮ ਲੋਕਾਂ ਨੂੰ ਕਿਹਾ ਕਿ ਉਹ ਹੜ੍ਹਾਂ ਦੀ ਸਤਿੱਥੀ ਵਿੱਚ ਘਬਰਾਉਣ ਦੀ ਬਜਾੲੇ ਸਰਕਾਰ ਵੱਲੋਂ ਤਾਇਨਾਤ ਕੀਤੇ ਅਮਲੇ ਦਾ ਸਾਥ ਦੇਣ ।
ਉਨ੍ਹਾਂ ਦੇ ਨਾਲ ਵਿਧਾਇਕ ਫਾਜ਼ਿਲਕਾ ਦਵਿੰਦਰ ਸਿੰਘ ਘੁਬਾਇਅ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।
ਦਰਿਆ ਸਤਲੁਜ ਦੀ ਮੁਹਾਰ ਤੇ ਸਥਿੱਤ ਪਿੰਡ ਮੁਹਾਰ ਜਮਸ਼ੇਰ ਅਤੇ ਉਸ ਦੇ ਨੇੜਲੇ ਪਿੰਡ ਪਹੁੰਚ ਕੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਵੱਲੋਂ ਆਮ ਲੋਕਾਂ ਨੂੰ ਦੱਸਿਆ ਗਿਆ ਕਿ ਪੰਜਾਬ ਸਰਕਾਰ ਆਮ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਵਚਨਬੱਦ ਹੈ ।
ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਨੇ ਇਸ ਮੌਕੇ ਹਾਜ਼ਰ ਸਿਵਲ , ਪੁਲਸ ਅਤੇ ਡ੍ਰੇਨਜ਼ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਇਨ੍ਹਾਂ ਹਲਾਤਾਂ ਵਿੱਚ ਡਿਊਟੀ ਤੋਂ ਕੁਤਾਹੀ ਵਰਤਣ ਵਾਲੇ ਕਰਮਚਾਰੀ ਖਿਲਾਫ ਤੁਰੰਤ ਪ੍ਰਭਾਵ ਨਾਲ ਕਾਰਵਾਈ ਕੀਤੀ ਜਾਵੇਗੀ ।
ਵਰਨਣਯੋਗ ਹੈ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਇਹ ਪਿੰਡ ਫਾਲਤੂ ਦਰਿਆਈ ਅਤੇ ਬਰਸਾਤੀ ਪਾਣੀ ਦੀ ਦੋਹਰੀ ਮਾਰ ਦਾ ਸੰਤਾਪ ਹੰਢਾਉਂਦੇ ਹਨ ।
ਦਰਿਆ ਸਤਲੁਜ ਅਤੇ ਬਿਆਸ ਦੇ ਸੰਗਮ ਹਰੀਕੇ ਪੱਤਣ ਤੋਂ ਵਾਇਆ ਹੁਸੈਨੀ ਵਾਲਾ ਛੱਡਿਆ ਗਿਆ ਫਾਲਤੂ ਦਰਿਆਈ ਪਾਣੀ ਜਿੱਥੇ ਇੱਥੇ ਜਾਨੀ ਅਤੇ ਮਾਲੀ ਨੁਕਸਾਨ ਕਰਦਾ ਹੈ , ਉੱਥੇ ਜ਼ਿਲ੍ਹਾ ਮੁਕਤਸਰ ਦੇ ਮਲੋਟ , ਜਿਲ੍ਹਾ ਫਰੀਦਕੋਟ , ਮੋਗਾ ਅਤੇ ਲੁਧਿਆਣਾ ਨਾਲ ਸਬੰਧਤ ਸੇਮ ਨਾਲਿਆਂ ਦਾ ਪਾਣੀ ਅਖੀਰ ਨੂੰ ਇੱਥੇ ਆ ਕੇ ਤਬਾਹੀ ਮਚਾਉਂਦਾ ਹੈ ।
ਡਿਪਟੀ ਕਮਿਸ਼ਨਰ ਫਾਜ਼ਿਲਕਾ ਮਨਪ੍ਰੀਤ ਸਿੰਘ ਛਤਵਾਲ ਵੱਲੋਂ ਇਸ ਸਬੰਧੀ ਪਹਿਲਾਂ ਹੀ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਬੁਲਾਕੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਫਿਕਸ ਕੀਤੀਆਂ ਜਾ ਚੁੱਕੀਆਂ ਹਨ ।
ਅੱਜ ਪੰਚਾਇਤੀ ਵਿਅਕਤੀਆਂ ਅਤੇ ਪਿੰਡਾਂ ਦੀਆਂ ਨੌਜਵਾਨ ਕਲੱਬਾਂ ਨਾਲ ਸਬੰਧਤ ਨੌਜਵਾਨਾਂ ਨੂੰ ਕਿਹਾ ਗਿਆ ਕਿ ਜਦੋਂ ਵੀ ਹੜ੍ਹ ਦੀ ਸਥਿਤੀ ਬਣਦੀ ਹੈ ਤਾਂ ਘਬਰਾਉਣ ਦੀ ਬਜਾਏ ਠਰੰਮੇ ਤੋਂ ਕੰਮ ਲੈ ਕੇ ਪਿੰਡਾਂ ਵਿੱਚ ਤੈਨਾਤ ਕੀਤੇ ਸਰਕਾਰੀ ਅਮਲੇ ਦੇ ਸਹਿਯੋਗ ਨਾਲ ਸਥਿਤੀ ਦਾ ਟਾਕਰਾ ਕੀਤਾ ਕਰਨ ।
ਇਸ ਮੌਕੇ ਵਿਧਾਇਕ ਫਾਜ਼ਿਲਕਾ ਸ੍ਰ. ਦਵਿੰਦਰ ਸਿੰਘ ਘੁਬਾਇਆ , ਐੱਸ ਡੀ ਐੱਮ ਫਾਜ਼ਿਲਕਾ ਸੁਭਾਸ਼ ਖਟਕ , ਐੱਸ ਡੀ ਐੱਮ ਜਲਾਲਾਬਾਦ ਕੇਸ਼ਵ ਗੋਇਲ ਤੋਂ ਇਲਾਵਾ ਹੋਰ ਵੀ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ ।
ਪੰਜਾਬ ਦੇ ਇਸ ਸਰਹੱਦੀ ਜ਼ਿਲ੍ਹੇ ਨੂੰ ਉਸ ਵਕਤ ਹੜ੍ਹ ਦੀ ਮਾਰ ਝੱਲਣੀ ਪੈਂਦੀ ਹੈ ਜਦੋਂ ਦਰਿਆ ਸਤਲੁਜ ਬਿਆਸ ਦਾ ਵਾਇਆ ਹਰੀਕੇ ਪੱਤਣ ਹੁਸੈਨੀਵਾਲਾ ਛੱਡਿਆ ਫਾਲਤੂ ਪਾਣੀ ਅਤੇ ਦਰਜਨ ਦੇ ਕਰੀਬ ਵੱਡੇ ਸੇਮ ਨਾਲੇ ਜੋ ਕੇ
ਜ਼ਿਲ੍ਹਾ ਮੁਕਤਸਰ , ਫਰੀਦਕੋਟ , ਮੋਗਾ ਅਤੇ ਲੁਧਿਆਣਾ 'ਤੋ ਬਰਸਾਤੀ ਪਾਣੀ ਲਿਆਉਂਦੇ ਹਨ ਜੋ ਕੇ ਜ਼ਿਲ੍ਹਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿੱਚ ਵੱਡੀ ਤਬਾਹੀ ਦਾ ਕਾਰਨ ਬਣਦਾ ਹੈ ।