ਚੰਡੀਗੜ੍ਹ, 19 ਅਗਸਤ 2019 - ਸੁਨਿਹਰੇ ਭਵਿੱਖ ਦਾ ਸੁਪਨਾ ਅੱਖਾਂ ਵਿੱਚ ਸੰਜੋ ਕੇ ਵਿਦੇਸ਼ੀ ਦੇਸ਼ਾਂ ਵਿੱਚ ਜਾਣ ਵਾਲੇ ਨੌਜਵਾਨ ਅਖੌਤੀ ਟਰੈਵਲ ਏਜੰਟਾਂ ਦੇ ਹੱਥੇ ਚੜ੍ਹ ਕੇ ਨਰਕ ਵਰਗੀ ਜ਼ਿੰਦਗੀ ਗੁਜ਼ਾਰ ਰਹੇ ਹਨ। ਅਜਿਹਾ ਇੱਕ ਮਾਮਲਾ ਸਾਬਕਾ ਚੇਅਰਪਰਸਨ ਜਿਲ੍ਹਾ ਯੋਜਨਾ ਕਮੇਟੀ ਅਤੇ ਸਮਾਜ ਸੇਵੀ ਸੰਸਥਾ “ ਹੈਲਪਿੰਗ ਹੈਪਲੈੱਸ ” ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਦੇ ਸਾਹਮਣੇ ਆਇਆ।
ਜਾਣਕਾਰੀ ਅਨੁਸਾਰ ਮਨਜੋਤ ਸਿੰਘ, ਪਿੰਡ ਪੰਨੂਆਂ, ਤਹਿਸੀਲ ਖਰੜ੍ਹ, ਜਿਲ੍ਹਾ ਮੁਹਾਲੀ, ਚੰਡੀਗੜ੍ਹ ਦੇ ਟਰੈਵਲ ਏਜੰਟ ਰਾਹੁਲ ਦੁਆਰਾ ਸ਼ਾਰਜਾ, ਦੁਬਈ, ਦੀ ਇੱਕ ਕੰਪਨੀ ਵਿੱਚ ਕੰਮ ਕਰਨ ਲਈ ਭੇਜਿਆ ਗਿਆ। ਜਿੱਥੇ ਉਸ ਤੋਂ ਤੈਅ ਕੀਤੇ ਸਮੇਂ ਤੋਂ ਵੱਧ ਕੰਮ ਲਿਆ ਜਾਂਦਾ ਸੀ, ਨਾ ਉਸ ਨੂੰ ਤੈਅ ਕੀਤੀ ਤਨਖਾਹ ਦਿੱਤੀ ਗਈ।
ਇਸ ਦੇ ਚੱਲਦਿਆਂ ਮਨਜੋਤ ਸਿੰਘ ਦੇ ਮਾਤਾ ਅਤੇ ਪਿਤਾ ਜਗਤਾਰ ਸਿੰਘ ਚੰਡੀਗੜ੍ਹ ਵਿਖੇ “ ਹੈਲਪਿੰਗ ਹੈਪਲੈੱਸ ” ਦੇ ਦਫ਼ਤਰ ਆਏ ਅਤੇ ਬੀਬੀ ਅਮਜੋਤ ਕੌਰ ਰਾਮੂੰਵਾਲੀਆ ਨਾਲ ਸਾਰੀ ਗੱਲ-ਬਾਤ ਸਾਂਝੀ ਕੀਤੀ। ਜਿਸ ਦੇ ਸਦਕਾ ਉਹ ਸਹੀ ਸਲਾਮਤ ਵਾਪਿਸ ਆ ਸਕਿਆ। ਮਨਜੋਤ ਸਿੰਘ ਨੇ ਦੱਸਿਆ ਕੇ ਉਸ ਕੋਲੋਂ ਉੱਨੀ-ਉੱਨੀ ਘੰਟੇ ਕੰਮ ਕਰਵਾਇਆ ਜਾਂਦਾ ਸੀ ਨਾ ਹੀ ਰਹਿਣ ਦੀ ਕੋਈ ਸਹੂਲਤ ਸੀ ਅਤੇ ਨਾ ਹੀ ਨਹਾਉਣ ਕੱਪੜੇ ਧੋਣ ਦੀ ਸਹੂਲਤ ਸੀ, ਨਾ ਹੀ ਖਾਣਾ ਦਿੱਤਾ ਜਾਂਦਾ ਸੀ। ਇੱਕ ਟਾਇਮ ਦੇ ਖਾਣੇ ਨਾਲ ਕੰਮ ਚਲਾਉਣਾ ਪੈਂਦਾ ਸੀ।
ਮੇਰੇ ਬਿਮਾਰ ਪੈਣ ਤੇ ਛੁੱਟੀ ਦੇ ਵੀ ਪੈਸੇ ਕੱਟੇ ਜਾਂਦੇ, ਇਤਰਾਜ ਕਰਨ ਤੇ ਮੈਨੂੰ ਕਮਰੇ ਵਿੱਚ ਬੰਦ ਰੱਖਿਆ ਜਾਂਦਾ ਅਤੇ ਕੁੱਟ ਮਾਰ ਵੀ ਕੀਤੀ ਗਈ। ਉਸ ਦਾ ਪਾਸਪੋਰਟ ਕੰਪਨੀ ਨੇ ਜ਼ਬਤ ਕਰਕੇ ਪੁਲਿਸ ਕੋਲ ਝੂਠੇ ਇਲਜ਼ਾਮ ਲਗਾਕੇ ਗ੍ਰਿਫਤਾਰ ਕਰਵਾ ਦਿੱਤਾ। ਇੱਕ ਮਹੀਨਾ ਉਹ ਜੇਲ ਵਿੱਚ ਬਿਨਾ ਕਿਸੇ ਗੱਲੋਂ ਰਿਹਾ। ਫਿਰ ਜੱਜ ਨੇ ਉਸ ਨੂੰ ਬਰੀ ਕਰ ਦਿੱਤਾ ਕਿਉ ਕਿ ਉਸ ਦੇ ਖਿਲਾਫ ਕੋਈ ਸਬੂਤ ਨਹੀਂ ਸਨ। ਏਜੰਟ ਰਾਹੁਲ ਨੇ ਮੈਨੂੰ ਕਾਨੂੰਨ ਦੀ ਗਿਰਫਤ ਤੋਂ ਛੁਡਾਉਣ ਦਾ ਵਿਸ਼ਵਾਸ ਦਵਾਉਂਦਿਆਂ, ਮੇਰੇ ਘਰਦਿਆਂ ਕੋਲੋਂ ਇੱਕ ਲੱਖ ਰੁਪਏ ਠੱਗੇ ਮੇਰੇ ਪਿਤਾ ਨੇ ਚਾਰ ਲੱਖ ਰੁਪਇਆ ਕਰਜ਼ਾ ਚੁੱਕ ਕੇ ਮੈਨੂੰ ਵਿਦੇਸ਼ ਭੇਜਿਆ ਅਤੇ ਕਰਜ਼ਾ ਚੁੱਕ ਕੇ ਹੀ ਰਾਹੁਲ ਨੂੰ ਪੈਸੇ ਦਿੱਤੇ। ਇਸ ਵਕਤ ਮੇਰਾ ਪਰਿਵਾਰ ਤਕਰੀਬਨ ਸੱਤ ਲੱਖ ਰੁਪਏ ਦੇ ਕਰਜ਼ੇ ਥੱਲੇ ਆ ਚੁੱਕਾ ਹਾਂ। ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਦੇਸ਼ ਵਿੱਚ ਰਹਿ ਕੇ ਕੰਮ ਕਰਨ।
ਰਾਹੁਲ ਇੱਥੇ ਪੰਜਾਬ ਵਿੱਚ ਅਤੇ ਨਿਰਮਲ ਸਿੰਘ ਨਾਅ ਦਾ ਏਜੰਟ ਗੁਰਦਾਸਪੁਰ ਤੋਂ ਦੁਬਈ ਵਿੱਚ ਕੰਮ ਦਵਾਉਣ ਦੇ ਨਾ ਤੇ ਵੱਡੀਆਂ-ਵੱਡੀਆਂ ਠੱਗੀਆ ਮਾਰਦੇ ਹਨ। ਫਿਰ ਮੇਰੇ ਪਿਤਾ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਕੋਲ ਮੱਦਦ ਲਈ ਗਏ, ਉਨ੍ਹਾਂ ਮੇਰੇ ਲਈ ਇਕ ਤਰਫਾ ਪਾਸਪੋਰਟ ਦਾ ਪ੍ਰਬੰਧ ਕਰਵਾਇਆ ਅਤੇ ਟਿਕਟ ਦਿੱਤੀ, ਜਿਸ ਸਦਕਾ ਮੈਂ ਘਰ ਵਾਪਿਸ ਆ ਸਕਿਆ। ਮੈਂ “ ਐਨ.ਜੀ.ਓ. ਹੈਲਪਿੰਗ ਹੈਪਲੈੱਸ ” ਦੀ ਟੀਮ ਅਤੇ ਬੀਬੀ ਰਾਮੂਵਾਲੀਆ ਜੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਦੇ ਯਤਨਾ ਸਦਕਾ ਮੈਂ ਵਤਨ ਵਾਪਿਸ ਪਰਤ ਸਕਿਆ ਜਿਸ ਦੀ ਮੈਂ ਆਸ ਵੀ ਛੱਡ ਚੁੱਕਿਆ ਸੀ।
ਬੀਬੀ ਰਾਮੂਵਾਲੀਆ ਨੇ ਫਰਜ਼ੀ ਏਜੰਟਾ ਤੇ ਨੱਥ ਪਾਉਂਣ ਦੇ ਸਰਕਾਰ ਦੇ ਫੈਸਲੇ ਦੀ ਸ਼ਿਲ੍ਹਾਗਾ ਕੀਤੀ ਹੈ। ਉਨ੍ਹਾਂ ਕਿਹਾ ਕਿ ਫਰਜ਼ੀ ਏਜੰਟਾਂ ਦੀ ਸੂਚੀ ਜ਼ਾਹਿਰ ਕਰਨ ਨਾਲ ਲੋਕਾਂ ਵਿੱਚ ਜਾਗਰੁਕਤਾ ਆਵੇਗੀ। ਵਿਦੇਸ਼ ਜਾਣ ਦੇ ਇੱਛੁਕ ਲੋਕ ਸਰਕਾਰ ਦੁਆਰਾ ਪ੍ਰਵਾਨ ਕੀਤੇ ਏਜੰਟਾਂ ਨਾਲ ਹੀ ਸੰਪਰਕ ਵਿੱਚ ਆਉਂਣਗੇ, ਜਿਸ ਨਾਲ ਧੋਖਾ-ਧੜੀ ਦੇ ਮਾਮਲੇ ਘੱਟ ਸਕਣਗੇ।