← ਪਿਛੇ ਪਰਤੋ
ਦਰਿਆ ਅੰਦਰ ਪਾਣੀ ਦਾ ਪੱਧਰ ਵਧਣ ਕਰਕੇ ਸੈੰਕੜੇ ਏਕੜ ਫਸਲ ਪਾਣੀ ਦੀ ਮਾਰ ਹੇਠ ।
ਮਮਦੋਟ 19 ਅਗਸਤ 2019 (ਨਿਰਵੈਰ ਸਿੰਘ ਸਿੰਧੀ ) ਮਮਦੋਟ ਦੀ ਬਾਰਡਰ ਪੱਟੀ ਦੇ ਕਿਸਾਨਾਂ ਲਈ ਇਸ ਵਾਰ ਫਿਰ ਸਤਲੁਜ ਦਰਿਆ ਦਾ ਪਾਣੀ ਮੁਸੀਬਤ ਬਣਕੇ ਆਇਆ ਹੈ ਜਿਸ ਨੇ ਖੇਤਾ ਵਿਚ ਬੀਜੀਆਂ ਕਿਸਾਨਾਂ ਦੀਆਂ ਫਸਲਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਪਿੰਡ ਗਜਨੀ ਵਾਲਾ ਨਜਦੀਕ ਪੈਂਦੇ ਸਤਲੁਜ ਦਰਿਆ ਤੇ ਪੱਤਰਕਾਰਾਂ ਨੇ ਜਾ ਕੇ ਦੇਖਿਆ ਤਾਂ ਦਰਿਆ ਦੇ ਇਸ ਪਾਰ ਲੋਕਾਂ ਦਾ ਭਾਰੀ ਜਮਾਵੜਾ ਲੱਗਾ ਹੋਇਆ ਸੀ ਜਿਨ੍ਹਾਂ ਵਿਚੋਂ ਕੁਝ ਕਿਸਾਨ ਅਤੇ ਮਜ਼ਦੂਰ ਇੱਕ ਬੇੜੀ ਤੇ ਸਵਾਰ ਹੋ ਕੇ ਦਰਿਆ ਤੋਂ ਪਾਰ ਕੰਮਕਾਜ ਲਈ ਜਾ ਰਹੇ ਸਨ। ਜਾਣਕਾਰੀ ਅਨੁਸਾਰ ਸਰਹੱਦੀ ਖੇਤਰ ਦੇ ਕਰੀਬ ਇਕ ਦਰਜਨ ਪਿੰਡਾਂ ਦੀ ਜਮੀਨ ਦਰਿਆ ਤੋਂ ਅੱਗੇ ਕੰਡਿਆਲੀ ਤਾਰ ਤੋਂ ਭਾਰਤ ਅਤੇ ਪਾਕਿਸਤਾਨ ਦੋਨਾਂ ਪਾਸੇ ਪੈਂਦੀ ਹੈ ਜਿਸ ਉਪਰ ਕਿਸਾਨ ਤੇ ਮਜ਼ਦੂਰ ਖੇਤੀ ਕਰਨ ਲਈ ਰੋਜਾਨਾ ਜਾਂਦੇ ਹਨ ਤੇ ਮਜਬੂਰੀ ਵੱਸ ਅੱਜ ਵੀ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਉਹ ਲੋਕ ਬੇੜੀ ਤੇ ਦਰਿਆ ਪਾਰ ਕਰਕੇ ਕੰਮ ਕਰਨ ਲਈ ਜਾ ਰਹੇ ਹਨ। ਪੱਤਰਕਾਰਾਂ ਨੂੰ ਉਥੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਜਮੀਨਾਂ ਦਰਿਆ ਤੋਂ ਪਾਰ ਹੋਣ ਕਰਕੇ ਉਹ ਆਪਣੇ ਪਸ਼ੂ ਉਥੇ ਲੈ ਜਾਂਦੇ ਸਨ ਜੋ ਕਿ ਅੱਜ ਪਾਣੀ ਵਧ ਜਾਣ ਕਰਕੇ ਦਰਿਆ ਦੇ ਉਸ ਪਾਰ ਫਸੇ ਹੋਏ ਹਨ ਤੇ ਕਈ ਕਿਸਾਨਾਂ ਦੇ ਟਰੈਕਟਰ ਵੀ ਉਥੇ ਖੇਤਾਂ ਵਿਚ ਖੜੇ ਕੀਤੇ ਹੋਏ ਹਨ ਜੋ ਕਿ ਪਾਣੀ ਉਤਰਨ ਤੇ ਹੀ ਵਾਪਸ ਲਿਆਂਦੇ ਜਾ ਸਕਦੇ ਹਨ।ਲੋਕਾਂ ਨੇ ਦੱਸਿਆ ਕਿ ਐਸ ਡੀ ਐਮ ਗੁਰੂਹਰਸਹਾਏ ਕੁਲਦੀਪ ਬਾਵਾ ਤੇ ਮਾਲ ਵਿਭਾਗ ਦੇ ਕਰਮਚਾਰੀ ਵੀ ਮੋਕੇ ਤੇ ਪੁੱਜੇ ਸਨ ਤੇ ਜਿਨ੍ਹਾਂ ਨੇ ਪਾਣੀ ਘਟਣ ਤੱਕ ਲੋਕਾਂ ਨੂੰ ਦਰਿਆ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ । ਕੈਪਸ਼ਨ :- ਵੱਖ ਵੱਖ ਜਗਾ ਤੇ ਦਰਿਆ ਵਿੱਚ ਵਧੇ ਪਾਣੀ ਦਾ ਦ੍ਰਿਸ਼ ਅਤੇ ਬੇੜੀ ਰਾਹੀਂ ਆਪਣੀ ਮੰਜਿਲ ਜਾਂਦੇ ਕਿਸਾਨ ।
Total Responses : 863