ਗੁਰਨਾਮ ਸਿੱਧੂ
ਫਿਰੋਜ਼ਪੁਰ 19 ਅਗਸਤ 2019: ਫਿਰੋਜ਼ਪੁਰ ਦੀ ਬ੍ਰਹਮ ਨਗਰੀ ਦੇ ਰਹਿਣ ਵਾਲੇ ਤਿੰਨ ਲੋਕਾਂ ਦੀ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਸਦਰ ਫਿਰੋਜ਼ਪੁਰ ਪੁਲਿਸ ਦੇ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਦਰ ਫਿਰੋਜ਼ਪੁਰ ਨੂੰ ਦਿੱਤੇ ਬਿਆਨਾਂ ਵਿਚ ਗੀਤਾ ਪਤਨੀ ਵਿਜੇ ਕੁਮਾਰ ਵਾਸੀ ਬ੍ਰਹਮ ਨਗਰੀ ਗਲੀ ਨੰਬਰ 5 ਫਿਰੋਜ਼ਪੁਰ ਨੇ ਦੋਸ਼ ਲਗਾਇਆ ਕਿ ਬਾਰਸ਼ ਦਾ ਪਾਣੀ ਉਨ੍ਹਾਂ ਦੀ ਗਲੀ ਵਿਚ ਖੜ੍ਹੇ ਹੋਣ ਦੇ ਕਰਕੇ ਉਨ੍ਹਾਂ ਦਾ ਝਗੜਾ ਰਾਜਾ ਰਾਮ, ਗੋਲਾ ਅਤੇ ਹਰੀ ਦੇ ਨਾਲ ਹੋਇਆ ਸੀ। ਗੀਤਾ ਨੇ ਦੋਸ਼ ਲਗਾਇਆ ਕਿ ਇਸੇ ਰੰਜਿਸ਼ ਦੇ ਚੱਲਦਿਆ ਹੋਇਆ ਉਕਤ ਵਿਅਕਤੀਆਂ ਨੇ ਹਮਮਸ਼ਵਰਾ ਹੋ ਕੇ ਮੁੱਦਈ ਦੇ ਪੇਕੇ ਘਰ ਜਾ ਕੇ ਮੁੱਦਈ ਦੇ ਭਰਾ ਲੱਕੀ, ਭਤੀਜੇ ਮਹਿਕ ਦੀ ਕੁੱਟਮਾਰ ਕਰਨ ਤੋਂ ਇਲਾਵਾ ਮੁੱਦਈਆ ਦੇ ਕੱਪੜੇ ਪਾੜ ਦਿੱਤੇ ਅਤੇ ਧਮਕੀਆਂ ਦਿੱਤੀਆਂ। ਗੀਤਾ ਨੇ ਦੋਸ਼ ਲਗਾਇਆ ਕਿ ਸੱਟਾਂ ਵੱਜਣ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਅਤੇ ਪਰਿਵਾਰ ਵਾਲਿਆਂ ਵਲੋਂ ਉਨ੍ਹਾਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੀਤਾ ਦੇ ਬਿਆਨਾਂ ਦੇ ਆਧਾਰ 'ਤੇ ਰਾਜਾ ਰਾਮ, ਗੋਲਾ ਅਤੇ ਹਰੀ ਪੁੱਤਰਾਨ ਮਾਤਾ ਬਦਲ ਵਾਸੀ ਬ੍ਰਹਮ ਨਗਰੀ ਫਿਰੋਜ਼ਪੁਰ ਦੇ ਵਿਰੁੱਧ ਆਈਪੀਸੀ ਐਕਟ ਤਹਿਤ ਪਰਚਾ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।