ਲੋਕੇਸ਼ ਰਿਸ਼ੀ
ਗੁਰਦਾਸਪੁਰ, 20 ਅਗਸਤ 2019- ਬਟਾਲਾ ਵਿਖੇ ਮਨਾਇਆ ਜਾਣ ਵਾਲਾ ਜਗਤ ਪਿਤਾ ਸ੍ਰੀ ਗੁਰੂ ਨਾਨਕ ਦੇਵ ਦੇਵ ਜੀ ਦਾ ਵਿਆਹ ਪੁਰਬ ਇਸ ਵਾਰ ਆਉਂਦੀ 5 ਮਈ ਨੂੰ ਮਨਾਇਆ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਬਟਾਲਾ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਸਤਿ ਕਰਤਾਰੀਆਂ ਵਿਖੇ ਇੱਕ ਵਿਸ਼ੇਸ਼ ਬੈਠਕ ਕੀਤੀ ਗਈ। ਮੈਨੇਜਰ ਗੁਰਜਤਿੰਦਰਪਾਲ ਸਿੰਘ ਮਾਂਟੂ ਦੀ ਦੇਖ-ਰੇਖ ਹੇਠ ਹੋਈ ਇਸ ਬੈਠਕ ਵਿੱਚ ਸਥਾਨਕ ਲੋਕਾਂ ਦੇ ਨਾਲ ਨਾਲ ਇਲਾਕੇ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਜਥੇਬੰਦੀਆਂ ਦੇ ਨਾਲ ਨਾਲ ਐੱਸ ਜੀ ਪੀ ਸੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਵੱਲੋਂ ਵੀ ਸ਼ਿਰਕਤ ਕੀਤੀ ਗਈ। ਇਸ ਵਾਰ ਗੁਰੂ ਸਾਹਿਬ ਦੇ 550 ਸਾਲਾਂ ਪ੍ਰਕਾਸ਼ ਪੁਰਬ ਦੇ ਬਿਲਕੁਲ ਨਾਲ ਹੋਣ ਜਾ ਰਹੇ ਇਸ ਧਾਰਮਿਕ ਉਤਸਵ ਨੂੰ ਬੈਠਕ ਦੌਰਾਨ ਜਿੱਥੇ ਸਮੂਹ ਸੰਗਤ ਵੱਲੋਂ ਸੋਨੇ ਤੇ ਸੁਹਾਗਾ ਦੱਸਿਆ ਗਿਆ। ਉੱਥੇ ਨਾਲ ਹੀ ਬਟਾਲਾ ਦੀ ਮੌਜੂਦਾ ਸਥਿਤੀ ਨੂੰ ਵੇਖਦਿਆਂ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੇ ਰਵੱਈਏ ਤੇ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗੁਰਦੁਆਰਾ ਸ੍ਰੀ ਸਤਿਕਰਤਾਰੀਆਂ ਦੇ ਮੈਨੇਜਰ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 5 ਸਤੰਬਰ ਨੂੰ ਪੂਰੀ ਸ਼ਰਧਾ ਅਤੇ ਧਾਰਮਿਕ ਰੀਤ ਰਿਵਾਜ਼ਾਂ ਨਾਲ ਮਨਾਇਆ ਜਾ ਰਿਹਾ ਹੈ। ਜਿਸ ਸਬੰਧੀ 4 ਸਤੰਬਰ ਦੀ ਸਵੇਰ ਇਤਿਹਾਸਿਕ ਗੁਰਦਵਾਰਾ ਬੇਰ ਸਾਹਿਬ ਤੋਂ ਇੱਕ ਬਰਾਤ ਰੂਪੀ ਪੈਦਲ ਨਗਰ ਕੀਰਤਨ ਬਟਾਲਾ ਲਈ ਰਵਾਨਾ ਹੋਵੇਗਾ ਅਤੇ ਉਸੇ ਦੀਨ ਦੇਰ ਸ਼ਾਮ ਇਹ ਨਗਰ ਕੀਰਤਨ ਬਟਾਲਾ ਦੀ ਧਰਤੀ ਤੇ ਪ੍ਰਵੇਸ਼ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 3 ਸਤੰਬਰ ਨੂੰ ਸਥਾਨਕ ਇਤਿਹਾਸਿਕ ਗੁਰਦੁਆਰਾ ਕੰਧ ਸਾਹਿਬ, ਡੇਰਾ ਸਾਹਿਬ, ਫਲਾਹੀ ਸਾਹਿਬ ਅਤੇ ਗੁਰਦੁਆਰਾ ਅੱਚਲ ਸਾਹਿਬ ਦੇ ਨਾਲ ਨਾਲ ਗੁਰਦੁਆਰਾ ਸ੍ਰੀ ਸਤਿਕਰਤਾਰੀਆਂ ਵਿਖੇ ਅਖੰਡ ਸਾਹਿਬ ਰੱਖੇ ਜਾਣਗੇ, ਜੋ 5 ਸਤੰਬਰ ਨੂੰ ਵਿਆਹ ਪੁਰਬ ਵਾਲੇ ਦਿਨ ਸੰਪੂਰਨ ਕੀਤੇ ਜਾਣਗੇ।
ਉੱਥੇ ਦੂਜੇ ਪਾਸੇ ਬੈਠਕ ਵਿਖੇ ਮੌਜੂਦ ਲੋਕਾਂ ਵੱਲੋਂ ਜਿੱਥੇ ਇਸ ਵਾਰ ਦੇ ਇਸ ਸਮਾਰੋਹ ਨੂੰ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਬਿਲਕੁਲ ਨਾਲ ਆਉਣ ਨੂੰ ਸੋਨੇ ਤੇ ਸੁਹਾਗਾ ਦੱਸਿਆ ਗਿਆ। ਉੱਥੇ ਹੀ ਉਨ੍ਹਾਂ ਨੇ ਬਟਾਲਾ ਦੇ ਮੌਜੂਦਾ ਹਾਲਾਤਾਂ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੇ ਰਵੱਈਆ ਤੋਂ ਦੁਖੀ ਹਨ। ਉਨ੍ਹਾਂ ਕਿਹਾ ਕਿ ਪੂਰੇ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਟੁੱਟੀਆਂ ਹੋਈਆਂ ਹਨ, ਜਗਾ ਜਗਾ ਗੰਦਗੀ ਦੇ ਢੇਰ ਨਜ਼ਰ ਆ ਰਹੇ ਹਨ, ਖ਼ਰਾਬ ਸੀਵਰੇਜ ਕਾਰਨ ਗਲ਼ੀਆਂ ਅਤੇ ਨਾਲੀਆਂ ਵਿੱਚ ਗੰਦਾ ਪਾਣੀ ਖੜ੍ਹਾ ਹੈ ।ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਵਿੱਚ ਇੱਕ ਮਾਤਰ ਅਤੇ ਪ੍ਰਸਿੱਧ ਬਟਾਲੇ ਦਾ ਸਾਲਾਨਾ ਮੇਲਾ ਸਿਰ ਤੇ ਹੈ, ਪਰ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਹੱਲੇ ਤੱਕ ਸ਼ਹਿਰ ਦੀ ਮੌਜੂਦਾ ਹਾਲਤ ਵਿੱਚ ਕੋਈ ਸੁਧਾਰ ਨਹੀਂ ਲਿਆਂਦਾ ਗਿਆ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਅਪੀਲ ਕਰਦਿਆਂ ਕਿਹਾ ਕਿ ਅਜੇ ਵੀ ਬਾਬੇ ਦੇ ਵਿਆਹ ਨੂੰ ਕੁਝ ਦਿਨ ਬਾਕੀ ਹਨ ਅਤੇ ਜੇਕਰ ਪ੍ਰਸ਼ਾਸਨ ਚਾਹੇ ਤਾਂ ਬਟਾਲੇ ਦਾ ਸੁਧਾਰ ਕੀਤਾ ਜਾ ਸਕਦਾ ਹੈ, ਤਾਂ ਜੋ ਪੂਰੀ ਦੁਨੀਆ ਤੋਂ ਪਹਿਲੀ ਪਾਤਸ਼ਾਹੀ ਦਾ ਸਮਾਰੋਹ ਵੇਖਣ ਲਈ ਆਉਣ ਵਾਲੀ ਸੰਗਤ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।