ਸੰਗਰੂਰ, 20 ਅਗਸਤ 2019 - ਲੋਕਾਂ ਨੂੰ ਪਾਣੀ ਦੇ ਸੋਮਿਆਂ ਦੀ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਲਈ ਜਾਗਰੂਕ ਕਰਨ ਦੀ ਚੱਲ ਰਹੀ ਪ੍ਰਕਿਰਿਆ ਦੇ ਸਦਕਾ ਜ਼ਿਲ੍ਹਾ ਸੰਗਰੂਰ ਜਲ ਸ਼ਕਤੀ ਅਭਿਆਨ ਨੂ ੰਸਫ਼ਲਤਾ ਨਾਲ ਲਾਗੂ ਕਰਨ ਵਿੱਚ ਪੰਜਾਬ ਭਰ ਵਿੱਚੋਂ ਪਹਿਲੇ ਸਥਾਨ ਅਤੇ ਦੇਸ਼ ਭਰ ਵਿੱਚੋਂ 17ਵੇਂ ਸਥਾਨ 'ਤੇ ਪੁੱਜ ਗਿਆ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜਲ ਸ਼ਕਤੀ ਅਭਿਆਨ ਦਾ ਮੁੱਖ ਉਦੇਸ਼ ਜ਼ਿਲ੍ਹੇ ਦੇ ਵਸਨੀਕਾਂ ਨੂੰ ਪਾਣੀ ਬਚਾਉਣ ਲਈ ਨੈਤਿਕ ਤੌਰ 'ਤੇ ਸਰਗਰਮ ਹੋਣ ਲਈ ਪ੍ਰੇਰਿਤ ਕਰਨਾ ਹੈ ਅਤੇ ਇਸ ਕਾਰਜ ਦੀ ਪੂਰਤੀ ਹਿੱਤ ਵਿਦਿਅਕ ਅਦਾਰਿਆਂ ਵਿੱਚ ਵੀ ਵਿਆਪਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਕੂਲਾਂ ਵਿੱਚ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ ਕਰਕੇ ਵਿਦਿਆਰਥੀ ਵਰਗ ਨੂੰ ਪਾਣੀ ਦੀ ਸੰਭਾਲ ਪ੍ਰਤੀ ਸੁਚੇਤ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀ ਘਰਾਂ ਵਿੱਚ ਜਾ ਕੇ ਆਪਣੇ ਪਰਿਵਾਰਾਂ ਤੇ ਆਂਢ ਗੁਆਂਢ ਵਿੱਚ ਕੁਦਰਤ ਦੇ ਇਸ ਅਨਮੋਲ ਸੋਮੇ ਨੂੰ ਬਚਾਉਣ ਲਈ ਸੁਨੇਹਾ ਪਹੁੰਚਾ ਸਕਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 'ਜਲ ਸ਼ਕਤੀ ਅਭਿਆਨ' ਨੂੰ ਜ਼ਿਲ੍ਹਾ ਸੰਗਰੂਰ ਵਿੱਚ ਸਫ਼ਲਤਾ ਨਾਲ ਲਾਗੂ ਕਰਨ ਲਈ ਯੋਜਨਾਬੱਧ ਢੰਗ ਨਾਲ ਯਤਨ ਕੀਤੇ ਗਏ ਅਤੇ ਇਸ ਕਾਰਜ ਵਿੱਚ ਹਰੇਕ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤਨ ਤੇ ਮਨ ਨਾਲ ਜੁਟਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਂਵਾਂ ਹੋਣਾ ਚਿੰਤਾ ਦਾ ਵਿਸ਼ਾ ਹੈ ਅਤੇ ਜੇ ਅੱਜ ਅਸੀਂ ਸੁਚੇਤ ਹੋਵਾਂਗੇ ਤਾਂ ਹੀ ਸਾਡਾ ਭਵਿੱਖ ਸੁਰੱਖਿਅਤ ਹੋਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ 'ਪਾਣੀ ਦੀ ਸੰਭਾਲ' ਵਿਸ਼ੇ 'ਤੇ ਲੇਖ ਮੁਕਾਬਲੇ, ਚਿੱਤਰਕਾਰੀ ਮੁਕਾਬਲੇ, ਬੂਟੇ ਲਗਾਉਣ, ਇਕਾਂਗੀ, ਨਾਅਰੇ ਲਿਖਣ, ਚਾਰਟ ਬਣਾਉਣ, ਭਾਸ਼ਣ ਮੁਕਾਬਲੇ, ਸੁੰਦਰ ਲਿਖਾਈ, ਸਮੂਹਿਕ ਵਿਚਾਰ ਵਟਾਂਦਰਾ, ਸੰਖੇਪ ਪ੍ਰਸ਼ਨੋਤਰੀ, ਮੈਰਾਥਨ ਆਦਿ ਕਰਵਾ ਕੇ ਇਸ ਮੁਹਿੰਮ ਨੂੰ ਉਤਸ਼ਾਹਿਤ ਕਰਨ ਵਿੱਚ ਯੋਗਦਾਨ ਪਾਇਆ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲਗਾਤਾਰ ਕੀਤੇ ਗਏ ਉਪਰਾਲਿਆਂ ਤੇ ਇਸ ਮੁਹਿੰਮ ਦੀ ਸੁਚੱਜੀ ਨਿਗਰਾਨੀ ਸਦਕਾ ਜ਼ਿਲ੍ਹਾ ਸੰਗਰੂਰ 'ਜਲ ਸ਼ਕਤੀ ਅਭਿਆਨ' ਵਿੱਚ ਪੰਜਾਬ ਵਿੱਚੋਂ ਪਹਿਲੇ ਰੈਂਕ 'ਤੇ ਆਇਆ ਹੈ ਅਤੇ 15 ਸਤੰਬਰ ਤੱਕ ਜਾਰੀ ਰਹਿਣ ਵਾਲੇ ਅਭਿਆਨ ਦੇ ਤਹਿਤ ਜ਼ਿਲ੍ਹੇ ਨੂੰ ਲਗਾਤਾਰ ਪਹਿਲੇ ਰੈਂਕ 'ਤੇ ਸਥਾਪਤ ਰੱਖਣ ਲਈ ਹੋਰ ਵੀ ਸਾਰਥਕ ਕਦਮ ਪੁੱਟੇ ਜਾਣਗੇ।