ਜਗਦੀਸ਼ ਥਿੰਦ
ਫਾਜ਼ਿਲਕਾ 20 ਅਗਸਤ ਸਤਲੁਜ ਤੋਂ ਛੱਡਿਆ ਹੋਇਆ ਪਾਣੀ ਜ਼ਿਲ੍ਹਾ ਫਾਜ਼ਿਲਕਾ ਦੇ 7 ਪਿੰਡਾਂ ਅੰਦਰ ਦਾਖਲ ਹੋ ਗਿਆ ਹੈ । ਸਰਹੱਦੀ ਪਿੰਡ ਸੰਤੋਖ ਸਿੰਘ ਵਾਲਾ , ਢੰਡੀ ਕਦੀਮ , ਢਾਣੀ ਨੱਥਾ ਸਿੰਘ , ਢਾਣੀ ਫੁੱਲਾ ਸਿੰਘ , ਢੰਡੀ ਖ਼ੁਰਦ , ਬੋਦਲ ਪੀਰੇ ਕੇ ਅਤੇ ਨੋ ਬਹਿਰਾਮ ਸ਼ੇਰ ਸਿੰਘ ਵਾਲਾ ਦੇ ਦਰਿਆ ਨਾਲ ਲੱਗਦੇ ਖੇਤਾਂ ਅੰਦਰ ਪਾਣੀ ਭਰ ਰਿਹਾ ਹੈ ।
ਦੋਨਾ ਰਾਜਾ ਦੀਨਾ ਨਾਥ ਖੇਤਰ ਵਿੱਚ ਸ਼ੂਕਦੇ ਸਤਲੁਜ ਦਰਿਆ ਦਾ ਦ੍ਰਿਸ਼
---------------------------------------------
ਦਰਿਆ ਸਤਲੁਜ ਦੇ ਪਾਣੀ ਨਾਲ ਬਣ ਗਈ ਹੜ੍ਹ ਦੀ ਸਤਿਥੀ ਨੂੰ ਦੇਖਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਫ਼ਾਜ਼ਿਲਕਾ ਮਨਪ੍ਰੀਤ ਸਿੰਘ ਛੱਤਵਾਲ ਵੱਲੋਂ ਇਨ੍ਹਾਂ 18 ਪਿੰਡਾਂ ਨੂੰ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ ।
ਜ਼ਿਲ੍ਹਾ ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਪ੍ਰਭਾਵਿਤ ਪਿੰਡਾਂ ਤੋਂ ਪਿੱਛੇ ਵਿਸ਼ੇਸ਼ 6 ਰਾਹਤ ਕੈਂਪ ਸਥਾਪਤ ਕਰਕੇ ਇਹਨਾਂ ਪਿੰਡਾਂ ਵਿੱਚੋਂ ਹਿਜਰਤ ਕਰਨ ਵਾਲੇ ਆਮ ਲੋਕਾਂ ਦੀ ਰਿਹਾਇਸ਼ , ਖਾਣ ਪੀਣ ਅਤੇ ਸਿਹਤ ਸੇਵਾਵਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ।
ਹਰੀ ਕੇ ਪੱਤਣ ਤੋਂ ਵਾਇਆ ਹੁਸੈਨੀ ਵਾਲਾ ਛੱਡਿਆ ਦਰਿਆ ਸਤਲੁਜ ਦਾ ਪਾਣੀ ਜ਼ਿਲ੍ਹਾ ਫ਼ਾਜ਼ਿਲਕਾ ਅਤੇ ਫਿਰੋਜ਼ਪੁਰ ਦੇ ਪਿੰਡਾਂ ਵਿੱਚ ਤਬਾਹੀ ਮਚਾ ਰਿਹਾ ਹੈ ।
ਜ਼ਿਲ੍ਹਾ ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਅੰਦਰ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ , ਫਰੀਦਕੋਟ , ਮੋਗਾ ਲੁਧਿਆਣਾ ਤੱਕ ਦਾ ਸੇਮ ਨਾਲਿਆਂ ਰਾਹੀਂ ਆਉਂਦਾ ਪਾਣੀ ਮਾਰ ਕਰਦਾ ਹੈ ।
ਅੱਜ ਬਣੀ ਹੜ੍ਹ ਦੀ ਸਥਿਤੀ ਨਾਲ ਸੈਂਕੜੇ ਏਕੜ ਬਾਸਮਤੀ , ਝੋਨੇ ਅਤੇ ਹਰੇ ਚਾਰੇ ਦੀ ਫ਼ਸਲ ਪਾਣੀ ਦੀ ਮਾਰ ਹੇਠਾਂ ਆ ਗਈ ਹੈ ।
ਦਰਿਆਈ ਪਾਣੀ ਦੇ ਤੇਜ਼ ਵਹਾਅ ਨਾਲ ਦਰਿਆ ਕਿਨਾਰੇ ਵਾਲੀ ਜ਼ਮੀਨ ਦੀਆਂ ਢਿੱਗਾਂ ਡਿੱਗ ਕੇ ਪਾਣੀ ਵਿੱਚ ਵਹਿਨ ਲੱਗੀ ਹੈ ।
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਿਨ੍ਹਾਂ ਖਤਰੇ ਤੋਂ ਸੰਭਾਵੀ ਪਿੰਡਾਂ ਨੂੰ ਸ਼ਾਮਿਲ ਕੀਤਾ ਹੈ ਉਨ੍ਹਾਂ ਵਿੱਚ ਬਾਦਲ ਪੀਰੇ ਕੇ , ਢਾਣੀ ਨੱਥਾ ਸਿੰਘ , ਮਹਿਮੂਦ ਖਾਨੇ ਕੇ , ਗੱਟੀ ਅਜੈਬ , ਗੁਰੂਹਰਸਹਾਏ ਵਿਧਾਨ ਸਭਾ ਹਲਕੇ ਦਾ ਪਿੰਡ ਨੋ ਬਹਿਰਾਮ ਸ਼ੇਰ ਸਿੰਘ ਵਾਲਾ , ਢਾਣੀ ਫੂਲਾ ਸਿੰਘ , ਦੋਨਾ ਰਾਜਾ ਦੀਨਾ ਨਾਥ , ਆਦਿ ਪਿੰਡ ਹਨ ।