ਗੁਰਨਾਮ ਸਿੱਧੂ
ਫਿਰੋਜ਼ਪੁਰ 20 ਅਗਸਤ - ਦੋ ਨੌਜਵਾਨਾਂ ਨੂੰ ਸਪੇਨ ਭੇਜਣ ਦਾ ਝਾਂਸਾ ਦੇ ਕੇ ਕਰੀਬ 42 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਫਿਰੋਜ਼ਪੁਰ ਛਾਉਣੀ ਦੀ ਪੁਲਿਸ ਨੇ 4 ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦਲੀਪ ਕੁਮਾਰ ਪੁੱਤਰ ਹੋਰੀ ਲਾਲ ਵਾਸੀ ਮਕਾਨ ਨੰਬਰ 331 ਗਵਾਲ ਟੋਲੀ ਫਿਰੋਜ਼ਪੁਰ ਛਾਉਣੀ ਨੇ ਦੋਸ਼ ਲਗਾਇਆ ਕਿ ਜੰਗ ਬਹਾਦਰ ਉਰਫ਼ ਨਵੀਨ, ਵਿਕਰਾਂਤ ਸ਼ਰਮਾ, ਸੁਨੀਤਾ ਅਤੇ ਸੰਜੇ ਨੇ ਹਮਮਸ਼ਵਰਾ ਹੋ ਕੇ ਮੁੱਦਈ ਦੇ ਭਤੀਜੇ ਅਵਿਨਾਸ਼ ਪੁੱਤਰ ਸੁਭਾਸ਼ ਅਤੇ ਭਾਣਜੇ ਅਭਿਸ਼ੇਕ ਪੁੱਤਰ ਰਾਕੇਸ਼ ਕੁਮਾਰ ਨੂੰ ਸਪੇਨ ਭੇਜਣ ਦਾ ਝਾਂਸਾ ਦੇ ਕੇ 41 ਲੱਖ 85 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦਲੀਪ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਜੰਗ ਬਹਾਦਰ ਉਰਫ਼ ਨਵੀਨ ਪੁੱਤਰ ਵਿਦਿਆ ਦੱਤ, ਵਿਕਰਾਂਤ ਸ਼ਰਮਾ ਪੁੱਤਰ ਜੰਗ ਬਹਾਦਰ ਉਰਫ਼ ਨਵੀਨ, ਸੁਨੀਤਾ ਪਤਨੀ ਜੰਗ ਬਹਾਦਰ ਉਰਫ਼ ਨਵੀਨ ਵਾਸੀਅਨ ਮਕਾਨ ਨੰਬਰ 77 ਬਜ਼ਾਰ ਨੰਬਰ 2 ਗਲੀ ਨੰਬਰ 3 ਫਿਰੋਜ਼ਪੁਰ ਕੈਂਟ ਤੋਂ ਇਲਾਵਾ ਸੰਜੇ ਕੁਮਾਰ ਪੁੱਤਰ ਵਿਦਿਆ ਦੱਤ ਵਾਸੀ ਸਪੇਨ (ਵਿਦੇਸ਼) ਦੇ ਵਿਰੁੱਧ ਧੋਖਾਧੜੀ ਦੀਆਂ ਵੱਖ ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।