ਗੁਰਨਾਮ ਸਿੱਧੂ
ਫਿਰੋਜ਼ਪੁਰ 20 ਅਗਸਤ 2019 - ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਆਗੂਆਂ ਵਲੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਮਮਦੋਟ ਦੀ ਪ੍ਰਧਾਨਗੀ ਵਿਚ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫਤਰ ਸਾਹਮਣੇ ਧਰਨਾ ਲਗਾਕੇ ਡਿਪਟੀ ਕਮਿਸ਼ਨਰ ਨੂੰ ਕਿਸਾਨੀ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਹਰਿੰਦਰ ਸਿੰਘ ਲੱਖੋਵਾਲ ਜਨਰਲ ਸਕੱਤਰ ਪੰਜਾਬ ਨੇ ਕਿਹਾ ਕਿ ਅਵਾਰਾ ਪਸ਼ੂਆਂ, ਨੀਲ ਗਾਵਾਂ ਕਿਸਾਨਾਂ ਵੱਲੋਂ ਬੀਜੀਆਂ ਫਸਲਾਂ ਦਾ ਨਿੱਤ ਦਿਨ ਵੱਡੀ ਪੱਧਰ ਤੇ ਨੁਕਸਾਨ ਕਰ ਰਹੀਆਂ ਹਨ। ਇਹ ਵੀ ਦੇਖਣ ਵਿਚ ਆਇਆ ਹੈ ਕਿ ਇਕੱਲਾ ਕਿਸਾਨ ਦੇਖ ਕੇ ਉਨ੍ਹਾਂ ਉਪਰ ਹਮਲਾ ਕਰਕੇ ਜ਼ਖਮੀਂ ਇਹ ਪਸ਼ੂ ਮੌਤ ਦੇ ਘਾਟ ਉਤਾਰ ਦਿੰਦੇ ਹਨ।
ਕਿਸਾਨ ਦਿਨ ਵੇਲੇ ਮਿਹਨਤ ਕਰਕੇ ਆਪਣੀਆਂ ਫਸਲਾਂ ਦੀ ਰਾਖੀ ਕਰਨ ਨੂੰ ਮਜ਼ਬੂਰ ਹੋ ਰਹੇ ਹਨ। ਇਨ੍ਹਾਂ ਅਵਾਰਾ ਪਸ਼ੂਆਂ ਵੱਲੋਂ ਹਮਲਾ ਕਰਨ ਨਾਲ ਜਾਂ ਹਾਦਸਿਆਂ ਨਾਲ ਕਈ ਘਰਾਂ ਦੇ ਚਿਰਾਗ ਬੁੱਝ ਗਏ ਹਨ ਤੇ ਆਮ ਨਾਗਰਿਕ ਵੀ ਮਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਪਿਛਲੇ ਚਾਰ ਸਾਲ ਪਹਿਲਾਂ ਅਕਾਲੀ ਸਰਕਾਰ ਸਮੇਂ ਡਿਪਟੀ ਕਮਿਸ਼ਨਰ ਦਫਤਰ, ਐੱਸਡੀਐੱਮ ਦਫਤਰ ਅਤੇ ਹਣ ਚਾਰ ਮਹੀਨੇ ਪਹਿਲਾ ਚੰਡੀਗੜ੍ਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਅਵਾਰਾ ਪਸ਼ੂ ਸੋਂਪ ਕੇ ਸਰਕਾਰ ਤੋਂ ਇਨ੍ਹਾਂ ਨੂੰ ਸਾਂਭਣ ਦੀ ਮੰਗ ਕਰਨ ਤੇ ਬਾਵਜੂਦ ਸਰਕਾਰ ਨੇ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਸਾਂਭਣ ਦਾ ਪ੍ਰਬੰਧ ਨਹੀਂ ਕੀਤਾ ਜਦਕਿ ਸਰਕਾਰ ਵੱਲੋਂ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਸਾਂਭਣ ਲਈ ਵੱਡੀ ਪੱਧਰ 'ਤੇ ਗਊ ਸੈੱਸ ਇਕੱਠਾ ਕੀਤਾ ਗਿਆ, ਹੁਣ ਇਨ੍ਹਾਂ ਨੂੰ ਸਾਂਭਣ ਦੀ ਜਿੰਮੇਵਾਰੀ ਵੀ ਸਰਕਾਰ ਦੀ ਹੈ।
ਪੰਜਾਬ ਵਿਚ ਪਿਛਲੇ ਸਮੇਂ ਤੋਂ ਅਵਾਰਾ ਕੁੱਤਿਆਂ ਦੀ ਗਿਣਤੀ ਵੀ ਬਹੁਤ ਵੱਧ ਗਈ ਹੈ ਇਹਨਾਂ ਅਵਾਰਾ ਕੁੱਤਿਆਂ ਵੱਲੋਂ ਵੀ ਵੱਢਣ ਕਾਰਨ ਕਈ ਇਨਸਾਨਾਂ ਦੀ ਮੌਤ ਹੋ ਗਈ ਹੈ। ਇਸ ਲਈ ਭਾਰਤੀ ਕਿਸਾਨ ਯੂਨੀਅਨ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਪੰਜਾਬ ਵਿਚ ਇਨ੍ਹਾਂ ਨੂੰ ਵੇਚਣ ਲਈ ਪੰਜ ਸਲਾਟਰ ਹਾਊਸ ਖੋਲ੍ਹੇ ਜਾਣ ਤੇ ਇਨ੍ਹਾਂ ਦਾ ਮੀਟ ਬਾਹਰਲੇ ਦੇਸ਼ਾਂ ਨੂੰ ਭੇਜ ਕੇ ਜਿਥੇ ਸਰਕਾਰ ਆਪਣੇ ਖਜ਼ਾਨੇ ਭਰੇ ਉਥੇ ਇਹ ਪਸ਼ੂ ਵਿਕਣ ਨਾਲ ਕਿਸਾਨਾਂ ਨੂੰ ਵੀ ਆਰਥਿਕ ਲਾਭ ਹੋਵੇਗਾ। ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਜੋ 550 ਬੂਟੇ ਲਗਾਏ ਜਾ ਰਹੇ ਹਨ ਉਨ੍ਹਾਂ ਨੂੰ ਪਾਲਣ ਵਾਸਤੇ ਦੂਜੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵਾਂਗ ਫਿਰੋਜ਼ਪੁਰ ਵਿਚ ਵੀ ਪਾਲਤੂ ਪਸ਼ੂ ਖੁੱਲੇ ਛੱਡਣ 'ਤੇ ਪਾਬੰਦੀ ਲਾਈ ਜਾਵੇ, ਬਿਜਲੀ ਬੋਰਡ ਵਿਚ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇ, ਡਾ. ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਸਾਰੀਆਂ ਫਸਲਾਂ ਦੇ ਭਾਅ ਤੈਅ ਕੀਤੇ ਜਾਣ ਤੇ ਐੱਮਐੱਸਪੀ ਤੈਅ ਫਸਲ ਦੀ ਖਰੀਦ ਦੀ ਗਰੰਟੀ ਦਿੱਤੀ ਜਾਵੇ।
ਧਰਨੇ ਨੂੰ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਮੇਹਲੋਂ ਮੀਤ ਪ੍ਰਧਾਨ ਪੰਜਾਬ, ਸੁਖਪਾਲ ਸਿੰਘ ਬੁੱਟਰ ਮੀਤ ਪ੍ਰਧਾਨ ਪੰਜਾਬ, ਗੁਰਵਿੰਦਰ ਸਿੰਘ ਕਰਮੂਵਾਲਾ ਪ੍ਰੈਸ ਸਕੱਤਰ ਪੰਜਾਬ, ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਐਗਜੈਕਟਿਵ ਮੈਂਬਰ ਪੰਜਾਬ, ਕਿਰਨਪਾਲ ਸਿੰਘ ਸੋਢੀ, ਸਰਬਜੀਤ ਸਿੰਘ, ਰਘੁਬੀਰ ਸਿੰਘ ਜਨਰਲ ਸਕੱਤਰ ਲੁਧਿਆਣਾ, ਦਰਸ਼ਨ ਸਿੰਘ ਭਾਲਾ ਜ਼ਿਲ੍ਹਾ ਸੰਗਠਨ ਜਨਰਲ ਸਕੱਤਰ, ਮਾਸਟਰ ਗੁਰਬਖ਼ਸ਼ ਸਿੰਘ ਫਿਰੋਜ਼ਪੁਰ, ਗੁਰਮੀਤ ਸਿੰਘ ਘੱਲ, ਉਦਮ ਸਿੰਘ ਸਨੇਰ ਜ਼ੀਰਾ, ਬਲਜਿੰਦਰ ਸਿੰਘ ਮੱਖੂ, ਗੁਰਤੇਜ ਸਿੰਘ ਮੱਲਾਂਵਾਲਾ, ਜੱਸਾ ਮਾਛੀਵਾੜਾ, ਸਤਨਾਮ ਸਿੰਘ ਹਾਮਦ, ਗੁਰਪ੍ਰੀਤ ਸਿੰਘ ਗੁਰੂਹਰਸਹਾਏ, ਰਾਮਜੀਤ ਸਿੰਘ, ਬਲਦੇਵ ਸਿੰਘ ਤਲਵੰਡੀ ਸਰਾਂ, ਕ੍ਰਿਪਾ ਸਿੰਘ ਭਾਲਾ ਸਾਰੇ ਬਲਾਕ ਪ੍ਰਧਾਨ, ਜਲੋਰ ਸਿੰਘ, ਸਿਮਰਨਜੀਤ ਸਿੰਘ ਮੀਹਾਂ ਸਿੰਘ ਵਾਲਾ, ਅਮਰੀਕ ਸਿੰਘ ਹਾਮਦ, ਸ਼ਿਵਤਾਰ ਸਿੰਘ, ਹਰਭੇਜ ਸਿੰਘ ਮਮਦੋਟ, ਸਰਬਜੀਤ ਸਿੰਘ ਮਮਦੋਟ, ਹਰਪਾਲ ਸਿੰਘ ਸੰਧੂ ਆਦਿ ਨੇ ਵੀ ਸੰਬੋਧਨ ਕੀਤਾ।