ਸਦਭਾਵਨਾ ਦਿਵਸ ਮੌਕੇ ਗੋਲੂ ਕਾ ਮੋੜ ਕਲੱਬ ਅਤੇ ਨੇੜਲੇ ਪਿੰਡਾਂ ਦੇ ਨੌਜਵਾਨ
ਜਗਦੀਸ਼ ਥਿੰਦ
ਗੋਲੂ ਕਾ ਮੋੜ / ਗੁਰੂ ਹਰਸਹਾਏ 20 ਅਗਸਤ ( )
ਸਦਭਾਵਨਾ ਦਿਵਸ ਮੌਕੇ ਅੱਜ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਵਧਾਉਣ , ਚੌਗਿਰਦੇ ਨੂੰ ਹਰਿਆ ਭਰਿਆ ਕਰਨ ਅਤੇ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦਾ ਸੱਦਾ ਦਿੱਤਾ ਗਿਆ ।
ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਦੇ ਜਿਲ੍ਹਾ ਯੂਥ ਕੋਆਰਡੀਨੇਟਰ ਮੈਡਮ ਪਰਮਜੀਤ ਅਤੇ ਲੇਖਾਕਾਰ ਸਰਦਾਰ ਗੁਰਦੇਵ ਸਿੰਘ ਜੋਸਨ ਦੀ ਰਹਿਨੁਮਾਈ ਹੇਠ ਸ੍ਰੀ ਭਜਨਗੜ੍ਹ ਬਲੱਡ ਡੋਨਰ ਐਂਡ ਵੈਲਫੇਅਰ ਕਲੱਬ ਪਿੰਡ ਗੋਲੂਕਾ ਵੱਲੋਂ ਪਿੰਡ ਵਿੱਚ
ਸਦਭਾਵਨਾ ਦਿਵਸ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ।
ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਕੇ ਭਾਰਤੀ ਸਮਾਜ ਵਿੱਚ ਸਦੀਆਂ ਤੋਂ ਚੱਲੀ ਆ ਰਹੀ ਆਪਸੀ ਸਾਂਝ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਣਾ ਚਾਹੀਦਾ ।
ਗੋਲੂ ਕਾ ਮੋੜ ਅਤੇ ਨੇੜਲੇ ਪਿੰਡਾਂ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਨੰਬਰਦਾਰ ਜਗਦੀਸ਼ ਥਿੰਦ ਨੇ ਕਿਹਾ ਕਿ ਹੁਣ ਜਦੋਂ ਪਹਿਲੀ ਪਾਤਸ਼ਾਹੀ ਦਾ 550ਵਾਂ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਦੇ ਕਿਰਤ ਕਰੋ ਵੰਡ ਛਕੋ ਨਾਮ ਜਪੋ ਦੇ ਉਪਦੇਸ਼ ਨੂੰ ਅਪਣਾਉਣ ਅਤੇ ਦੁਨੀਆਂ ਭਰ ਵਿੱਚ ਪ੍ਰਚਾਰਨ ਦੀ ਜ਼ਰੂਰਤ ਹੈ ।
ਐਡਵੋਕੇਟ ਚਰਨਜੀਤ ਸਿੰਘ ਛਾਂਗਾ ਰਾਏ ਨੇ ਕਿਹਾ ਕਿ ਆਜ਼ਾਦ ਹੋਏ ਮੁਲਕ ਵਿੱਚ ਅੱਜ ਵੀ ਦਬੇ ਕੁਚਲੇ ਲੋਕਾਂ ਨੂੰ ਬਣਦੇ ਅਧਿਕਾਰ ਨਹੀਂ ਮਿਲ ਰਹੇ ।
ਬਲਦੇਵ ਰਾਜ ਸਰਪੰਚ ਨੇ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਦੀ ਝੁੱਲ ਰਹੀ ਹਨੇਰੀ ਤੋਂ ਆਉਣ ਵਾਲੀ ਪੀੜੀ ਨੂੰ ਬਚਾਉਣ ਲਈ ਪ੍ਰਸ਼ਾਸਨ ਦੇ ਨਾਲ -ਨਾਲ ਮਾਪਿਆਂ , ਪੰਚਾਇਤਾਂ ਧਾਰਮਿਕ ਗੁਰੂਆਂ ਅਤੇ ਅਧਿਆਪਕਾਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ ।
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਮਲਕੀਤ ਸਿੰਘ ਨੇ ਬੋਲਦਿਆਂ ਕਿਹਾ ਜੇ ਅੱਜ ਜੰਮੂ ਕਸ਼ਮੀਰ ਸਬੰਧੀ ਲਏ ਗਏ ਫੈਸਲੇ ਤੋਂ ਬਾਅਦ ਕੁੱਝ ਤਾਕਤਾਂ ਫ਼ਿਰਕੂ ਵੰਡੀਆਂ ਪਾਉਣ ਲਈ ਸਰਗਰਮ ਹਨ । ਉਨ੍ਹਾਂ ਇਲਾਕੇ ਦੀਆਂ ਯੂਥ ਕਲੱਬਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਵੀ ਸਰਾਹਨਾ ਕੀਤੀ ।
ਇਸ ਮੌਕੇ ਬੋਲਦਿਆਂ ਕਾਮਰੇਡ ਹਰੀ ਚੰਦ ਨੇ ਕਿਹਾ ਕਿ ਜ਼ਹਿਰੀਲੀਆਂ ਰਸਾਇਣਕ ਖਾਦਾਂ ਅਤੇ ਜ਼ਹਿਰਾਂ ਦੀ ਫ਼ਸਲਾਂ ਉੱਪਰ ਵਰਤੋਂ ਕਰਕੇ ਅੱਜ ਪੰਜਾਬ ਦੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਹਨ ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ , ਕਰਤਾਰ ਸਿੰਘ ਸਰਾਭਾ ਵੱਲੋਂ ਸਿਰਜੇ ਭਾਰਤ ਦੀ ਸਥਾਪਨਾ ਲਈ ਨੌਜਵਾਨਾਂ ਨੂੰ ਇੱਕ ਵਾਰ ਫੇਰ ਹੰਭਲਾ ਮਾਰਨ ਦੀ ਜ਼ਰੂਰਤ ਹੈ ।
ਇਸ ਮੌਕੇ ਕਲੱਬ ਦੇ ਪ੍ਰਧਾਨ ਵਿਜੇ ਥਿੰਦ , ਹਰਭਜਨ ਥਿੰਦ ਸੋਮ ਪ੍ਰਕਾਸ਼ ਪੰਧੂ , ਰਾਜਿੰਦਰ ਬਹਾਦਰ ਕਾ , ਸੱਤਪਾਲ ਥਿੰਦ , ਪੰਕਜ ਬਜਾਜ ਨਵਨੀਤ ਪੰਧੂ , ਤਿਲਕ ਰਾਜ ਸਚਦੇਵਾ , ਤਿਲਕ ਰਾਜ ਸਾਬਕਾ ਸਰਪੰਚ , ਬਲਵੀਰ ਚੰਦ ਸਾਬਕਾ ਸਰਪੰਚ ਤੋਂ ਇਲਾਵਾ ਹੋਰ ਵੀ ਪਤਵੰਤੇ ਮੌਜੂਦ ਸਨ ।