ਅੰਮ੍ਰਿਤਸਰ ,21 ਅਗਸਤ 2019 - ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਦੇ ਸਾਹਮਣੇ ਤੇ ਪੁਲਿਸ ਚੌਕੀ ਕਬੀਰ ਪਾਰਕ ਨੇੜੇ ਮੰਗਲਵਾਰ ਰਾਤ ਇੱਕ ਕੁੜੀ ਤੇ ਮੁੰਡੇ ਦੀਆਂ ਬਿਨਾ ਸਿਰ ਤੋਂ ਲਾਸ਼ਾਂ ਮਿਲੀਆਂ ਹਨ। ਜਿਸ ਤੋਂ ਬਾਅਦ ਸ਼ਹਿਰ 'ਚ ਦਹਿਸ਼ਤ ਫੈਲ ਗਈ ਹੈ।
ਜਾਣਕਾਰੀ ਮੁਤਾਬਕ ਅਜੇ ਤੱਕ ਦੋਵਾਂ ਮ੍ਰਿਤਕਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ। ਲਾਸ਼ਾਂ ਤੋਂ ਕੁਝ ਦੂਰੀ ਉਤੇ ਪੁਲਿਸ ਨੂੰ ਇਕ ਸਕੂਟੀ ਮਿਲੀ ਹੈ, ਜਿਸ ਵਿਚੋਂ ਕੋਈ ਵੀ ਦਸਤਾਵੇਜ਼ ਨਹੀਂ ਮਿਲਿਆ। ਮੌਕਾ ਦੇਖ ਜਾਪ ਰਿਹਾ ਹੈ ਕਿ ਕਿਸੇ ਨੇ ਕਤਲ ਕਰ ਕੇ ਦੋਹਾਂ ਨੂੰ ਸੜਕ 'ਤੇ ਸੁੱਟ ਦਿੱਤਾ ਹੋਵੇਤੇ ਐਕਸੀਡੈਂਟ ਦਾ ਸੀਨ ਤਿਆਰ ਕੀਤਾ ਗਿਆ ਹੋਵੇ।
ਫਿਲਹਾਲ ਪੁਲਿਸ ਵੱਲੋਂ ਖਾਲਸਾ ਕਾਲਜ ਦੇ ਆਲੇ ਦੁਆਲੇ ਦੀਆਂ ਇਮਾਰਤਾਂ ਉਤੇ ਲਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਨਜ਼ਦੀਕੀ ਖੇਤਰ ਵਿਚ ਰਹਿਣ ਵਾਲੇ ਲੋਕਾਂ ਕੋਲੋ ਪੁੱਛਗਿੱਛ ਕੀਤੀ ਜਾ ਰਹੀ ਹੈ, ਪ੍ਰੰਤੂ ਅਜੇ ਤੱਕ ਕਿਸੇ ਨੇ ਉਨ੍ਹਾਂ ਦੀ ਪਹਿਚਾਣ ਨਹੀਂ ਕੀਤੀ।