ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਸਿਵਲ ਸਰਜਨ ਡਾ ਦਲੇਰ ਸਿੰਘ ਮੁਲਤਾਨੀ । ਤਸਵੀਰ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਫ਼ਾਜ਼ਿਲਕਾ, 21 ਅਗਸਤ:
ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਫ਼ਾਜ਼ਿਲਕਾ, ਅਬੋਹਰ, ਜਲਾਲਾਬਾਦ ਅਤੇ ਨਗਰ ਪੰਚਾਇਤ ਅਰਨੀਵਾਲਾ ਸ਼ੇਖ-ਸੁਭਾਨ ਦੇ ਅਧਿਕਾਰੀਆਂ ਨਾਲ ਡੇਂਗੂ ਦੀ ਰੋਕਥਾਮ ਸਬੰਧੀ ਮੀਟਿੰਗ ਹੋਈ।ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਪੂਰੇ ਸ਼ਹਿਰ ਅੰਦਰ ਫੌਗਿੰਗ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਫੌਗਿੰਗ ਦਾ ਹਰ ਹਫ਼ਤੇ ਦਾ ਸ਼ਡਿਊਲ ਇਸ ਦਫਤਰ ਨਾਲ ਸਾਂਝਾ ਕੀਤਾ ਜਾਵੇ
ਮੌਸਮੀ ਬਦਲਾਅ, ਸ਼ਹਿਰ ਵਿੱਚ ਵੱਧ ਰਹੇ ਸੀਵਰੇਜ ਜਾਮ ਅਤੇ ਪਾਣੀ ਖੜੇ ਹੋਣ ਕਾਰਨ ਮੱਛਰਾਂ ਦੀ ਪੈਦਾਵਾਰ ਸਬੰਧੀ ਨੋਟਿਸ ਲੈਂਦੇ ਹੋਏ ਸਿਵਲ ਸਰਜਨ ਨੇ ਸਬੰਧਤ ਅਧਿਕਾਰੀਆਂ ਨੂੰ ਆਪਣੀ ਡਿਊਟੀ ਮੁਸਤੈਦੀ ਨਾਲ ਕਰਨ ਦੀ ਹਦਾਇਤ ਕੀਤੀ।ਉਨ੍ਹਾਂ ਅਧਿਕਾਰੀਆਂ ਨੂੰ ਡੇਂਗੂ ਦੀ ਰੋਕਥਾਮ ਦੇ ਨਾਲ-ਨਾਲ ਡੇਂਗੂ ਦੇ ਬੁਖਾਰ ਦੇ ਲੱਛਣਾਂ ਬਾਰੇ ਵੀ ਜਾਣੂ ਕਰਵਾਇਆ।ਉਨ੍ਹਾਂ ਦੱਸਿਆ ਕਿ ਡੇਂਗੂ ਬੁਖਾਰ ਦਾ ਟੈਸਟ ਜ਼ਿਲ੍ਹਾ ਹਸਪਤਾਲ ਫ਼ਾਜਿਲਕਾ ਵਿੱਚ ਮੁਫਤ ਕੀਤਾ ਜਾਂਦਾ ਹੈ।
ਡਾ. ਮੁਲਤਾਨੀ ਨੇ ਇਹ ਵੀ ਦੱਸਿਆ ਕਿ ਕੋਈ ਵੀ ਬੁਖਾਰ ਹੋਵੇ ਤਾਂ ਖੂਨ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਪਤਾ ਲਗ ਸਕੇ ਕਿ ਬੁਖਾਰ ਕਿਸ ਤਰ੍ਹਾਂ ਦਾ ਹੈ। ਸਿਵਲ ਸਰਜਨ ਨੇ ਦੱਸਿਆ ਕਿ ਡੇਂਗੂ ਬੁਖਾਰ ਨੂੰ ਰਿਚ ਮੈਨ ਮਲੇਰੀਆ ਕਿਹਾ ਜਾਂਦਾ ਹੈ ਕਿਉਂਕਿ ਇਹ ਮੱਛਰ ਦਿਨ ਵੇਲੇ ਹੀ ਕੱਟਦਾ ਹੈ। ਡੇਂਗੂ ਬੁਖਾਰ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਸਾਫ ਖੜੇ ਪਾਣੀ, ਕੂਲਰਾਂ, ਗਮਲਿਆਂ ਤੇ ਹੋਰ ਪਾਣੀ ਦੇ ਸਰੋਤਾਂ ਆਦਿ ਵਿੱਚ ਪਲਦਾ ਹੈ।
ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਰੁਪਿੰਦਰ ਕੋਰ ਨੇ ਦੱਸਿਆ ਕਿ ਡੇਂਗੂ ਦੇ ਲੱਛਣ ਤੇਜ਼ ਬੁਖਾਰ, ਅੱਖਾਂ ਪਿੱਛੇ ਦਰਦ ਹੋਣਾ, ਜੋੜਾਂ ਦਾ ਦਰਦ, ਥਕਾਵਟ ਅਤੇ ਕਮਜ਼ੋਰੀ ਹੁੰਦੀ ਹੈ। ਡੇਂਗੂ ਤੋਂ ਬਚਣ ਲਈ ਘਰਾਂ ਦੇ ਆਲੇ-ਦੁਆਲੇ ਨੂੰ ਸਾਫ ਰੱਖਿਆ ਜਾਵੇ ਅਤੇ ਕੂਲਰਾਂ, ਗਮਲਿਆਂ, ਟੈਂਕੀਆਂ ਸਮੇਤ ਪਾਣੀ ਦੇ ਸਰੋਤਾਂ ਨੂੰ ਹਰ ਹਫਤੇ ਸਾਫ ਕਰਕੇ ਸੁਕਾਇਆ ਜਾਵੇ। ਮੱਛਰ ਦੇ ਕੱਟਣ ਤੋਂ ਬਚਣ ਲਈ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਤੇ ਨਾਲ ਹੀ ਸੌਣ ਵੇਲੇ ਮੱਛਰਦਾਨੀ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ।ਇਸ ਦੌਰਾਨ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਭਰੋਸਾ ਦਵਾਇਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਜ਼ਿਲ੍ਹੇ ਨੂੰ ਡੇਂਗੂ ਅਤੇ ਮਲੇਰੀਆ ਮੁਕਤ ਬਣਾਉਣ ਵਿੱਚ ਪੂਰਾ ਯੋਗਦਾਨ ਦੇਣਗੇ।
ਇਸ ਮੌਕੇ ਨਗਰ ਕੌਂਸਲ ਤੋਂ ਸੈਨੇਟਰੀ ਇੰਸਪੈਕਟਰ ਸ੍ਰੀ ਨਰੇਸ਼ ਖੇੜਾ, ਸ੍ਰੀ ਇਕਬਾਲ ਸਿੰਘ, ਸ੍ਰੀ ਸ਼ਾਮ ਸੁੰਦਰ, ਸ੍ਰੀ ਅਸ਼ਵਨੀ ਕੁਮਾਰ, ਸਿਹਤ ਵਿਭਾਗ ਤੋਂ ਐਸ.ਆਈ. ਸ੍ਰੀ ਜਗਸੀਰ ਸਿੰਘ ਅਤੇ ਸ੍ਰੀ ਅਤਿੰਦਰ ਪਾਲ ਸਿੰਘ ਹਾਜ਼ਰ ਸਨ।