ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੌਦੇ ਲਗਾਉਂਦੇ ਹੋਏ ਸਿੱਖਿਆ ਅਤੇ ਜ਼ਿਲਾ ਅਤੇ ਵਿਭਾਗ ਦੇ ਅਧਿਕਾਰੀ । ਤਸਵੀਰ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਫ਼ਾਜ਼ਿਲਕਾ, 21 ਅਗਸਤ:
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ-ਪੁਰਬ ਦੀ ਖੁਸ਼ੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਵਣ ਵਿਭਾਗ ਸ. ਸਾਧੂ ਸਿੰਘ ਧਰਮਸੋਤ ਦੀ ਦੇਖ-ਰੇਖ ਵਿੱਚ ਹਰੇਕ ਪਿੰਡ ਤੇ ਕਸਬੇ ਵਿੱਚ 550 ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਦੀ ਅਗਵਾਈ ਵਿੱਚ ਵਣ ਵਿਭਾਗ ਫ਼ਾਜ਼ਿਲਕਾ ਵੱਲੋਂ ਹੁਣ ਤੱਕ 434 ਪਿੰਡਾਂ ਵਿੱਚੋਂ 381 ਪਿੰਡਾਂ ਵਿੱਚ ਪੌਦੇ ਲਗਾਉਣ ਦਾ ਕੰਮ ਪੂਰਾ ਕੀਤਾ ਜਾ ਚੁੱਕਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵਣ ਵਿਭਾਗ ਤੇ ਹੋਰਨਾਂ ਵਿਭਾਗਾਂ ਦੇ ਸਹਿਯੋਗ ਨਾਲ 2,09,550 ਪੌਦੇ ਲਗਾਏ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ ਪਿੰਡਾਂ ਵਿੱਚ ਵੀ ਪੌਦੇ ਪਹੁੰਚਾਏ ਜਾ ਚੁੱਕੇ ਹਨ, ਜਿਨ੍ਹਾਂ ਦਾ ਕੰਮ ਪੂਰੇ ਜ਼ੋਰਾਂ-ਸ਼ੋਰਾਂ 'ਤੇ ਚਲ ਰਿਹਾ ਹੈ। ਇਨ੍ਹਾਂ ਪੌਦਿਆਂ ਦੀ ਸੰਭਾਲ ਲਈ ਸਿੱਖਿਆ ਵਿਭਾਗ ਦੇ ਵੰਲਟੀਅਰ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ ਅਤੇ ਇਸ ਮੁਹਿੰਮ ਦੇ ਨੋਡਲ ਅਫਸਰ ਸੰਦੀਪ ਕੁਮਾਰ ਝੀਂਜਾ ਨੂੰ ਲਗਾਇਆ ਗਿਆ ਹੈ।
ਇਸੇ ਦੌਰਾਨ ਫ਼ਾਜ਼ਿਲਕਾ ਦੇ ਵਣ ਅਫ਼ਸਰ ਸ. ਨਿਸ਼ਾਨ ਸਿੰਘ ਨੇ ਦੱਸਿਆ ਕਿ ਨਹਿਰਾਂ, ਸੂਇਆਂ, ਕੱਸੀਆਂ, ਸੇਮ ਨਾਲਿਆਂ ਅਤੇ ਸੜਕਾਂ ਦੇ ਕੰਢਿਆਂ 'ਤੇ ਦੋ ਵੱਖ-ਵੱਖ ਸਕੀਮਾਂ ਤਹਿਤ 26,000 ਅਤੇ 70,000 ਪੌਦੇ ਲਗਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਪਿੰਡ ਚਾਨਣ ਵਾਲਾ, ਢਾਣੀ ਖਰਾਸ ਵਾਲੀ ਮਲੋਟ ਰੋਡ ਫ਼ਾਜ਼ਿਲਕਾ, ਰੱਤਾ ਖੇੜਾ ਜਲਾਲਾਬਾਦ, ਹੁਨਮਾਗੜ੍ਹ ਰੋਡ ਅਬੋਹਰ ਅਤੇ ਚੰਨਣ ਖੇੜਾ ਸਥਿਤ ਜ਼ਿਲ੍ਹੇ ਦੀਆਂ ਸਰਕਾਰੀ ਨਰਸਰੀਆਂ ਵਿੱਚ ਇਸ ਵਰ੍ਹੇ ਹੁਣ ਤੱਕ ਗੁਲਮੋਹਰ, ਨਿੰਮ, ਸੁਖਚੈਨ, ਕਿੱਕਰ ਸੁਹੰਜਣਾਂ, ਬੋਟਲ ਬਰੁਸ਼, ਬੋਹੜ, ਜਾਮਣ, ਅਮਰੂਦ, ਜੰਡ, ਟਾਹਲੀ ਅਤੇ ਬਕੈਣ ਆਦਿ ਕਿਸਮਾਂ ਦੇ ਛੇ ਲੱਖ ਪੌਦੇ ਤਿਆਰ ਕੀਤੇ ਜਾ ਚੁੱਕੇ ਹਨ। ਇਨ੍ਹਾਂ ਪੌਦਿਆਂ ਦੀ ਜ਼ਰੂਰਤ ਅਨੁਸਾਰ ਟ੍ਰੀ-ਗਾਰਡ ਅਤੇ ਤਾਰਾਂ ਆਦਿ ਲਗਾ ਕੇ ਇਨ੍ਹਾਂ ਦੀ ਸੰਭਾਲ ਲਈ ਵੀ ਕੰਮ ਕੀਤਾ ਜਾ ਰਿਹਾ ਹੈ।
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ 1500 ਪੌਦੇ ਲਗਾਏ
ਇਸ ਲੜੀ ਤਹਿਤ ਅੱਜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫ਼ਾਜ਼ਿਲਕਾ ਵਿੱਚ 1500 ਪੌਦੇ ਲਗਾਏ ਗਏ। ਇਸ ਮੌਕੇ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਕੋਆਰਡੀਨੇਟਰ ਸ. ਪੰਮੀ ਸਿੰਘ, ਪ੍ਰਿੰਸੀਪਲ ਸ੍ਰੀ ਰਾਜ ਕੁਮਾਰ, ਨੋਡਲ ਅਫਸਰ ਟ੍ਰੀ-ਪਲਾਂਟੇਸ਼ਨ ਸ੍ਰੀ ਸੰਦੀਪ ਝੀਂਜਾ, ਬਲਾਕ ਅਫ਼ਸਰ ਵਣ ਵਿਭਾਗ ਸ੍ਰੀ ਵਿਨੋਦ ਕੁਮਾਰ, ਵਣ ਗਾਰਡ ਸ੍ਰੀ ਸੁਖਦੇਵ ਸਿੰਘ, ਮੈਡਮ ਪ੍ਰਵੀਨ ਲਤਾ, ਖੇਤੀਬਾੜੀ ਅਧਿਆਪਕ ਸ੍ਰੀ ਦੁੱਲੀ ਚੰਦ, ਸ੍ਰੀ ਹਿਤੇਸ਼ ਧਵਨ, ਸ੍ਰੀ ਅਮਨਦੀਪ ਸਿੰਘ, ਸ੍ਰੀ ਪ੍ਰਿੰਸ ਕੁਮਾਰ ਤੋਂ ਇਲਾਵਾ ਸਕੂਲ ਦੇ ਵੰਲਟੀਅਰ ਅਤੇ ਮਨਰੇਗਾ ਕਰਮਚਾਰੀ ਮੌਜੂਦ ਸਨ।