ਤਾਜੋਵਾਲ-ਮੰਢਾਲਾ `ਚ ਮੰਗਲਵਾਰ ਦੀ ਰਾਤ ਪੈਦਾ ਹੋਈ ਹੰਗਾਮੀ ਸਥਿਤੀ ਨੂੰ ਪ੍ਰਸ਼ਾਸਨ ਨੇ ਫੌਜ ਦੀ ਮੱਦਦ ਨਾਲ ਸਾਂਭਿਆ
ਭਾਰਟਾ ਕਲਾਂ ਦੇ ਰਾਹਤ ਕੈਂਪ ਵਿੱਚ ਆਏ 181 ਪ੍ਰਵਾਸੀ ਸਥਿਤੀ ਠੀਕ ਹੋਣ ਮਗਰੋਂ ਵਾਪਸ ਪਰਤੇ
ਨਵਾਂਸ਼ਹਿਰ, 21 ਅਗਸਤ 2019: ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਪ੍ਰਸ਼ਾਸਨ ਵਲੋਂ ਲੋੜੀਂਦੀਆਂ ਥਾਵਾਂ `ਤੇ ਇਹਤਿਆਤੀ ਤੌਰ `ਤੇ ਮੁਰੰਮਤ ਕਾਰਜ ਜਾਰੀ ਹਨ।
ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਮੰਗਲਵਾਰ ਦੀ ਰਾਤ ਤਾਜੋਵਾਲ-ਮੰਢਾਲਾ ਵਿਖੇ ਪੈਦਾ ਹੋਈ ਹੰਗਾਮੀ ਸਥਿਤੀ ਨੂੰ ਐਸ.ਡੀ.ਐਮ. ਨਵਾਂਸ਼ਹਿਰ ਡਾ. ਵਿਨੀਤ ਕੁਮਾਰ ਦੀ ਅਗਵਾਈ ਵਿੱਚ ਮਾਲ ਅਧਿਕਾਰੀਆਂ ਅਦਿੱਤਿਆ ਗੁਪਤਾ ਤੇ ਕੁਲਵੰਤ ਸਿੰਘ ਸਿੱਧੂ, ਆਰਮੀ ਮੇਜਰ ਸੌਰਭ ਅਤੇ ਇੰਜੀਨੀਅਰਿੰਗ ਵਿੰਗ ਦੇ ਸਟਾਫ਼ ਵਲੋਂ ਦੇਰ ਰਾਤ ਸਾਂਭ ਲਿਆ ਗਿਆ ਸੀ। ਇਸ ਤੋਂ ਪਹਿਲਾ ਕੱਲ ਸ਼ਾਮ ਮਿਰਜ਼ਾਪੁਰ ਵਿਖੇ ਆਈ ਸਮੱਸਿਆ ਨੂੰ ਵੀ ਤੁਰੰਤ ਚੌਕਸੀ ਵਰਤ ਕੇ ਠੀਕ ਕਰ ਲਿਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਘੱਟਦਾ ਹੋਇਆ ਪਾਣੀ ਬੰਨ੍ਹ `ਚ ਘਾਰਾਂ ਪਾ ਰਿਹਾ ਹੈ ਜਿਸ ਕਾਰਨ ਪ੍ਰਸ਼ਾਸਨ ਵਲੋਂ ਤੁਰੰਤ ਮਜ਼ਬੂਤੀ ਕਾਰਜ ਆਰੰਭੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਜ਼ਿਆਦਾ ਜੋਰ ਬੰਨ੍ਹ ਨੂੰ ਸੰਭਾਲਣ `ਚ ਲੱਗਾ ਹੋਇਆ ਹੈ, ਜਿਸ ਵਿੱਚ ਲੋਕਾਂ ਦਾ ਸਹਿਯੋਗ ਵੀ ਵੱਡੀ ਪੱਧਰ `ਤੇ ਮਿਲ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ ਬੇਲਾ-ਤਾਜੋਵਾਲ, ਡੁਗਰੀ, ਔਲੀਆਪੁਰ, ਤਾਜੋਵਾਲ-ਮੰਢਾਲਾ, ਤਾਜਪੁਰ ਖੋਜੇ ਅਤੇ ਮਿਰਜ਼ਾਪੁਰ `ਤੇ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣ-ਸੁਖਾਵੀ ਹਾਲਤ ਪੈਦਾ ਹੋਣ ਤੋਂ ਰੋਕੀ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐਤਵਾਰ ਦੀ ਸ਼ਾਮ ਨੂੰ ਮਿਰਜ਼ਾਪੁਰ, ਤਲਵੰਡੀ ਸਿੱਬੂ ਦੇ ਬੰਨ੍ਹ `ਤੇ ਅਤੇ ਭਾਰਟਾ ਕਲਾਂ ਦੇ ਬਾਹਰਵਾਰ ਰਹਿੰਦੇ ਪ੍ਰਵਾਸੀ ਲੋਕਾਂ ਨੂੰ ਇਹਤਿਆਤ ਦੇ ਤੌਰ `ਤੇ ਭਾਰਟਾ ਕਲਾਂ ਦੇ ਸੀਨੀਅਰ ਸੈਕੰਡਰੀ ਸਕੂਲ `ਚ ਬਣਾਏ ਰਾਹਤ ਕੈਂਪ ਵਿੱਚ ਲਿਆਂਦਾ ਗਿਆ ਸੀ ਅਤੇ 2 ਦਿਨ ਬਾਅਦ ਸਥਿਤੀ ਠੀਕ ਹੋਣ `ਤੇ ਇਹ ਲੋਕ ਵਾਪਿਸ ਜਾ ਚੁੱਕੇ ਹਨ।
ਉਨ੍ਹਾਂ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੀਆਂ ਚਾਰੋ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰਾਂ ਨੂੰ ਇੱਕ ਪੱਤਰ ਲਿਖ ਕੇ ਹਦਾਇਤ ਕੀਤੀ ਗਈ ਹੈ ਕਿ ਉਹ ਨਗਰ ਕੌਂਸਲਾਂ ਦੀ ਅਜਿਹੀ ਕੋਈ ਵੀ ਰਿਹਾਇਸ਼ੀ ਕਾਲੋਨੀ ਜਿਸ `ਚ ਬਾਰਿਸ਼ ਦਾ ਪਾਣੀ ਆਇਆ ਸੀ, `ਚ ਬਿਮਾਰੀਆਂ ਆਦਿ ਫੈਲਣ ਤੋਂ ਰੋਕਣ ਲਈ ਜਿੱਥੇ ਮੱਛਰਾਂ ਦੀ ਰੋਕਥਾਮ ਲਈ ਛਿੜਕਾਅ ਆਦਿ ਦਾ ਪ੍ਰਬੰਧ ਕਰਨ ਉਥੇ ਜੇ ਕਿਧਰੇ ਥੋੜਾ ਬਹੁਤ ਪਾਣੀ ਵੀ ਖੜਾ ਹੈ ਤਾਂ ਉਸ ਨੂੰ ਬਾਹਰ ਕਢਵਾਉਣ।