ਮਿੱਤਰ ਸੈਨ ਸ਼ਰਮਾ
ਮਾਨਸਾ, 21 ਅਗਸਤ 2019 - ਜ਼ਿਲ੍ਹਾ ਮਾਨਸਾ ਦੇ ਸ਼ਹਿਰ ਬੁਢਲਾਡਾ ਦੀ ਪੁਰਾਣੀ ਗੈਸ ਏਜੰਸੀ ਦੇ ਪਿਛਲੇ ਪਾਸੇ ਸਥਿਤ ਬਸਤੀ 'ਚ ਹੋਏ ਇੱਕ ਵਿਅਕਤੀ ਦੇ ਕਤਲ ਦੇ ਦੋਸ਼ 'ਚ ਪੁਲਿਸ ਨੇ 4 ਔਰਤਾਂ ਸਮੇਤ ਅੱਠ ਵਿਅਕਤੀਆਂ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰ ਕਰੀਬ 7 ਵਜੇ ਉਕਤ ਬਸਤੀ 'ਚ ਕੁੱਝ ਔਰਤਾਂ ਇੱਕ ਵਿਅਕਤੀ ਨਾਲ ਕਿਸੇ ਗੱਲ ਨੂੰ ਗਾਲੀ–ਗਲੋਚ ਕਰਨ ਲੱਗੀਆਂ, ਉੁਸ ਵਿਅਕਤੀ ਦਾ ਲੜਕਾ ਮੰਗਾ ਰਾਮ ਜਦ ਬਾਹਰ ਆਇਆ, ਤਾਂ ਉਨ੍ਹਾਂ ਔਰਤਾਂ ਨੇ ਤੇਜ਼ਧਾਰ ਹਥਿਆਰ ਨਾਲ ਮੰਗਾ ਰਾਮ 'ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਐੱਸ.ਐੱਚ.ਓ. ਸਿਟੀ ਬੁਢਲਾਡਾ ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਸੀਤਾ ਦੇਵੀ ਦੇ ਬਿਆਨਾਂ 'ਤੇ ਲਾਭ ਰਾਮ, ਭਿੰਦੀ, ਬੰਟੀ, ਪੂਤੀ, ਨਿੰਮੋ, ਆਰਤੀ, ਕੰਮੋ, ਰਿੰਕੂ ਸਮੇਤ ਅੱਠ ਵਿਅਕਤੀਆਂ 'ਤੇ ਧਾਰਾ 302,148,149 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।