ਡੇਰਾ ਬਾਬਾ ਨਾਨਕ/ ਗੁਰਦਾਸਪੁਰ, 21 ਅਗਸਤ 2019 - ਇੰਟੀਗਰੇਟਿਡ ਚੈੱਕ ਪੋਸਟ (ਆਈ.ਸੀ.ਪੀ) ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਅੱਜ ਸ੍ਰੀ ਗੋਬਿੰਦ ਮੋਹਨ ਚੇਅਰਮੈਨ ਲੈਂਡ ਪੋਰਟ ਅਥਾਰਟੀ ਆਫ ਇੰਡੀਆ-ਕਮ- ਪ੍ਰਿੰਸੀਪਲ ਸੈਕਰਟਰੀ ਹੋਮ ਮਨਿਸਟਰੀ ਭਾਰਤ ਸਰਕਾਰ ਵਲੋਂ ਜਾਇਜ਼ਾ ਲਿਆ ਗਿਆ ਤੇ ਸਬੰਧਿਤ ਅਧਿਕਾਰੀਆਂ ਨੂੰ ਵਿਕਾਸ ਕੰਮ ਨਿਸ਼ਚਿਤ ਸਮੇਂ ਅੰਦਰ ਮੁਕੰਮਲ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਉਨਾਂ ਦੇ ਨਾਲ ਅਖਿਲ ਸਕਸੈਨਾ ਮੈਂਬਰ ਪਲਾਨਿੰਗ ਐਂਡ ਡਿਵਲਪਮੈਂਟ, ਲੈਂਡ ਪੋਰਟ ਅਥਾਰਟੀ ਆਫ ਇੰਡੀਆ, ਵਿਪੁਲ ਉਜਵਲ ਡਿਪਟੀ ਕਮਿਸ਼ਨਰ, ਗੁਰਸਿਮਰਨ ਸਿੰਘ ਐਸ.ਡੀ.ਐਮ ਡੇਰਾ ਬਾਬਾ ਨਾਨਕ, ਸੁਖਦੇਵ ਸਿੰਘ ਮੈਨੇਜਰ ਆਈ.ਸੀ.ਪੀ, ਨਵਕੀਰਤ ਸਿੰਘ ਨਾਇਬ ਤਹਿਸੀਲਦਾਰ ਆਦਿ ਹਾਜ਼ਰ ਸਨ।ਇਸ ਮੌਕੇ ਉਨਾਂ ਵਲੋਂ ਆਈ.ਸੀ.ਪੀ ਵਿਖੇ ਚੱਲ ਰਹੇ ਵਿਕਾਸ ਦਾ ਮੌਕੇ 'ਤੇ ਨਿਰੀਖਣ ਵੀ ਕੀਤਾ ਗਿਆ।
ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਬਣ ਰਹੀ ਆਈ.ਸੀ.ਪੀ ਵਿਖੇ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਚੇਅਰਮੈਨ ਗੋਬਿੰਦ ਮੋਹਨ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਦਿਵਸ ਨੂੰ ਮੁੱਖ ਰੱਖਦਿਆਂ ਇਥੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਇਹ ਵਿਕਾਸ ਕੰਮ 31 ਅਕਤੂਬਰ 2019 ਤੱਕ ਮੁਕੰਮਲ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਉਨਾਂ ਆਈ.ਸੀ.ਪੀ ਵਿਖੇ ਕੰਮ ਕਰ ਰਹੀਆਂ ਕੰਪਨੀਆਂ ਦੇ ਅਧਿਕਾਰੀਆਂ ਨੂੰ ਟਰਮੀਨਲ ਬਿਲਡਿੰਗ, ਸਕਿਊਰਿਟੀ ਬਲਾਕ, ਗਰੇਡ ਸਲੇਬ, ਪਲੈਂਥ ਬੀਮ, ਕਾਲਮ, ਸਟਰੱਕਚਰਲ ਸਟੀਲ ਫੈਬਰੀਕੇਸ਼ਨ ਆਦਿ ਨਾਲ ਸਬੰਧਿਤ ਕੰਮ ਤੇਜ਼ੀ ਗਤੀ ਨਾਲ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਰੋਜ਼ਾਨਾ ਕੀਤੇ ਗਏ ਕੰਮਾਂ ਦੀ ਜਾਣਕਾਰੀ ਉਨਾਂ ਨੂੰ ਮੁਹੱਈਆ ਕਰਵਾਈ ਜਾਵੇ। ਉਨਾਂ ਕਿਹਾ ਕਿ 31 ਅਕਤੂਬਰ ਤਕ ਆਈ.ਸੀ.ਪੀ ਦੇ ਵਿਕਾਸ ਕੰਮ ਮੁਕੰਮਲ ਕਰ ਲਏ ਜਾਣ। ਕੰਪਨੀ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਨਿਰਧਾਰਿਤ ਸਮੇਂ ਅੰਦਰ ਵਿਕਾਸ ਕੰਮ ਪੂਰੇ ਕਰ ਲੈਣਗੇ।
ਇਸ ਮੌਕੇ ਉਨਾਂ ਨੈਸ਼ਨਲ ਹਾਈਵੈ ਅਥਾਰਟੀ ਵਲੋਂ ਕੀਤੇ ਜਾ ਰਹੇ ਕੰਮਾਂ ਦਾ ਨਿਰੀਖਣ ਕਰਦਿਆਂ ਕਿਹਾ ਕਿ ਉਹ ਨਿਸ਼ਚਿਤ ਸਮੇਂ ਅੰਦਰ ਵਿਕਾਸ ਕਰਨ ਵਿਚ ਕੋਈ ਢਿੱਲਮੱਠ ਨਾ ਵਰਤਣ। ਇਸ ਮੌਕੇ ਉਨਾਂ ਫੌਜ ਦੇ ਅਧਿਕਾਰੀਆਂ ਕੋਲੋਂ ਵੀ ਉਨਾਂ ਨਾਲ ਸਬੰਧਿਤ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਦੇ ਧਿਆਨ ਵਿਚ ਲਿਆਂਦਾ ਕਿ ਇੱਥੇ ਵਿਕਾਸ ਕੰਮ ਹੋਰ ਤੇਜ਼ਗਤੀ ਨਾਲ ਕਰਵਾਏ ਜਾਣ ਅਤੇ ਦਰਸ਼ਨ ਸਥਲ ਦੀ ਉਸਾਰੀ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਕਰਨ ਜਾਣ ਵਾਲੇ ਯਾਤਰੀਆਂ ਦੇ ਨਾਲ ਆਉਣ ਵਾਲੇ ਲੋਕਾਂ ਲਈ ਦਰਸ਼ਨ ਸਥਲ ਦੀ ਉਸਾਰੀ ਕੀਤੀ ਜਾਵੇ। ਜਿਸ ਸਬੰਧੀ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੇ ਯਕੀਨ ਦਿਵਾਇਆ ਕਿ ਉਪਰੋਕਤ ਕੰਮ ਕਰਵਾਏ ਜਾਣਗੇ।
ਇਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਜਿਥੇ ਕਰਤਾਰਪੁਰ ਕੋਰੀਡੋਰ ਦੇ ਵਿਕਾਸ ਕੰਮ ਚੱਲ ਰਹੇ ਹਨ ਅਤੇ ਇਤਿਹਾਸਕ ਤੇ ਧਾਰਮਿਕ ਕਸਬਾ ਡੇਰਾ ਬਾਬਾ ਨਾਨਕ ਤੇ ਬਟਾਲਾ ਵਿਖੇ ਵਿਕਾਸ ਕਾਰਜਾਂ ਪਹਿਲ ਦੇ ਆਧਾਰ ਤੇ ਕਰਵਾਏ ਜਾ ਰਹੇ ਹਨ। ਨਵੰਬਰ 2019 ਤਕ ਸ਼ਤਾਬਦੀ ਸਮਾਗਮਾਂ ਤੋ ਪਹਿਲਾਂ-ਪਹਿਲਾਂ ਵਿਕਾਸ ਕੰਮ ਮੁਕੰਮਲ ਕਰਨ ਲਈ ਸਬੰਧਿਤ ਵਿਭਾਗਾਂ ਵਲੋਂ ਕੰਮ ਕੀਤਾ ਜਾ ਰਿਹਾ ਹੈ। ਡੇਰਾ ਬਾਬਾ ਨਾਨਕ ਡਿਵਲਪਮੈਂਟ ਅਥਾਰਟੀ ਤਹਿਤ ਕਸਬੇ ਦਾ ਸਰਬਪੱਖੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ 75 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕੰਮ ਕੀਤੇ ਜਾ ਰਹੇ ਹਨ। ਡੇਰਾ ਬਾਬਾ ਨਾਨਕ ਦੇ ਨੇੜਲੇ 11 ਪਿੰਡਾਂ ਅੰਦਰ ਕਰੀਬ 24 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ। ਡੇਰਾ ਬਾਬਾ ਨਾਨਕ ਦੇ ਬੱਸ ਅੱਡੇ ਨੂੰ ਅਪਗਰੇਡ ਕੀਤਾ ਜਾਵੇਗਾ। ਕਰੀਬ 98 ਲੱਖ ਰੁਪਏ ਦੀ ਲਾਗਤ ਨਾਲ ਸੋਲਡ ਵੈਸਟ ਮੈਨੇਜੈਮੈਂਟ ਦੇ ਕੰਮ ਕਰਵਾਏ ਜਾਣਗੇ। ਕਸਬੇ ਅੰਦਰ ਕਰੀਬ 93 ਲੱਖ ਰੁਪਏ ਦੀ ਲਾਗਤ ਨਾਲ ਐਲ.ਈ.ਡੀ ਲਾਈਟਸ ਲਗਾਈਆਂ ਜਾਣਗੀਆਂ। ਡੇਰਾ ਬਾਬਾ ਨਾਨਕ ਕਸਬੇ ਨੂੰ ਆਉਣ ਵਾਲੀਆਂ ਸੜਕਾਂ ਫਤਿਹਗੜ੍ਹ ਚੂੜੀਆਂ ਤੇ ਬਟਾਲਾ ਤੋਂ ਡੇਰਾ ਬਾਬਾ ਨਾਨਕ ਵਾਲੀਆਂ ਸੜਕਾਂ ਦੇ ਵਿਕਾਸ ਕੰਮ ਕੀਤੇ ਜਾ ਰਹੇ ਹਨ। ਡੇਰਾ ਬਾਬਾ ਨਾਨਕ ਵਿਖੇ ਸਵਾਗਤੀ ਗੇਟ ਬਣਨ ਦੇ ਕੰਮ ਵੀ ਜੋਰਾ ਨਾਲ ਚੱਲ ਰਹੇ ਹਨ।