ਨਵੀਂ ਦਿੱਲੀ, 21 ਅਗਸਤ 2019 - ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਉਨ੍ਹਾਂ ਦੇ ਘਰ 'ਚੋਂ ਸੀਬੀਆਈ ਵੱਲੋਂ ਆਈਐਨਐਕਸ ਮੀਡੀਆ ਘਪਲਾ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਤੋਂ ਪਹਿਲਾਂ ਅੱਜ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਪੂਰੇ 27 ਘੰਟੇ ਬਾਅਦ ਕਾਂਗਰਸ ਦੇ ਮੁੱਖ ਦਫ਼ਤਰ ਪਹੁੰਚੇ ਅਤੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਖਿਲਾਫ਼ ਕੋਈ ਵੀ ਚਾਰਜ਼ਸ਼ੀਟ ਦਾਖਲ ਨਹੀਂ ਕੀਤੀ ਗਈ ਅਤੇ ਨਾ ਹੀ ਉਹ ਦੋਸ਼ੀ ਹਨ।
ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 'ਆਈਐਨਐਕਸ ਮੀਡੀਆ ਕੇਸ 'ਚ ਨਾ ਉਨ੍ਹਾਂ 'ਤੇ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ 'ਤੇ ਕੋਈ ਇਲਜ਼ਾਮ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ ਉਨ੍ਹਾਂ ਬਾਰੇ ਕਈ ਅਫਵਾਹਾਂ ਫੈਲਾਈਆਂ ਗਈਆਂ। ਈਡੀ ਅਤੇ ਸੀਬੀਆਈ ਵੱਲੋਂ ਉਨ੍ਹਾਂ ਖਿਲਾਫ਼ ਜਕੋਈ ਵੀ ਚਾਰਜਸ਼ੀਟ ਦਾਖਲ ਨਹੀਂ ਕੀਤੀ ਗਈ।
ਚਿਦੰਬਰਮ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਉਨ੍ਹਾਂ 'ਤੇ ਕਿਤੇ ਲੁਕਣ ਦੇ ਇਲਜ਼ਾਮ ਲਾਏ ਜਾ ਰਹੇ ਹਨ ਪਰ ਉਲਟਾ ਉਹ ਕਾਨੂੰਨੀ ਸੁਰੱਖਿਆ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਵਕੀਲ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਮਾਮਲਿਆਂ 'ਚ ਸੂਚੀਬੱਧ ਕੀਤਾ ਜਾਵੇਗਾ ਅਤੇ ਉਹ ਸੁਪਰੀਮ ਕੋਰਟ ਦਾ ਸਨਮਾਨ ਕਰਦੇ ਹਨ।
ਆਈਐਨਐਕਸ ਮੀਡੀਆ ਘਪਲਾ ਮਾਮਲੇ ਵਿੱਚ ਘਿਰੇ ਪੀ ਚਿਦੰਬਰਮ ਖ਼ਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ ਸੀ। ਚਿਦੰਬਰਮ ਕਾਂਗਰਸ ਦੇ ਦਫ਼ਤਰ ਵਿੱਚ ਲਗਪਗ 10 ਮਿੰਟ ਰੁਕੇ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਸੀਬੀਆਈ ਦੀ ਟੀਮ ਵੀ ਪਹੁੰਚੀ ਸੀ, ਪਰ ਇਸ ਤੋਂ ਪਹਿਲਾਂ ਉਹ ਉੱਥੋਂ ਚਲੇ ਗਏ ਸਨ। ਜਿਸ ਤੋਂ ਬਾਅਦ ਸੀਬੀਆਈ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਦੀ ਕੰਧ ਟੱਪ ਕੇ ਗ੍ਰਿਫਤਾਰ ਕੀਤਾ।