ਐੱਸ.ਏ.ਐੱਸ.ਨਗਰ 22 ਅਗਸਤ, 2019: ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰੋਜੈਕਟ ਤਹਿਤ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੇ ਕੁੱਲ 473 ਜਿਲ੍ਹਾ ਕੋਆਰਡੀਨੇਟਰਾਂ ਅਤੇ ਕਲਸਟਰ ਮਾਸਟਰ ਟ੍ਰੇਨਰਾਂ ਦੀ ਸਿੱਖਿਆ ਵਿਭਾਗ ਦੇ ਕੰਪਲੈਕਸ ਵਿਖੇ ਇੱਕ ਰੋਜ਼ਾ ਮੀਟਿੰਗ - ਕਮ - ਵਰਕਸ਼ਾਪ ਹੋਈ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਇਸ ਮੀਟਿੰਗ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਜ਼ਿਲ੍ਹਾ ਕੋਆਰਡੀਨੇਟਰਾਂ ਅਤੇ ਕਲਸਟਰ ਮਾਸਟਰ ਟ੍ਰੇਨਰਾਂ ਨੇ ਹਿੱਸਾ ਲਿਆ।ਮੀਟਿੰਗ ਵਿੱਚ ਪ੍ਰੋਜੈਕਟ ਦੀ ਸਫ਼ਲਤਾ ਲਈ ਯੋਜਨਾਬੰਦੀ ਕੀਤੀ ਗਈ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮੁੱਚੀ ਪੜ੍ਹੋ ਪੰਜਾਬ ਟੀਮ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਸਕੂਲ ਸਿੱਖਿਆ ਵਿਭਾਗ ਗੁਣਾਤਮਿਕ ਸਿੱਖਿਆ ਪ੍ਰਦਾਨ ਕਰ ਰਿਹਾ ਹੈ। ਉਹਨਾਂ ਸਮੁੱਚੀ ਟੀਮ ਨੂੰ ਵਿਭਾਗ ਦੀਆਂ ਪ੍ਰਾਪਤੀਆਂ ਨੂੰ ਸਮਾਜ ਵਿੱਚ ਪਹੁੰਚਾਉਣ ਲਈ ਭਾਗੀਦਾਰ ਬਣਨ ਲਈ ਪ੍ਰੇਰਿਤ ਕੀਤਾ। ਉਹਨਾਂ ਪੜ੍ਹੋ ਪੰਜਾਬ ਦੇ ਟੀਮ ਮੈਂਬਰਾਂ ਨੂੰ ਹਰ ਸਕੂਲ ਦੀ ਵਿਜਿਟ ਯਕੀਨੀ ਬਣਾਉਂਦੇ ਹੋਏ ਹਰ ਬੱਚੇ ਦੀ ਮੌਜੂਦਾ ਕਾਰਗੁਜ਼ਾਰੀ ਨੂੰ ਘੋਖ ਕੇ ਉੱਚ ਸਿੱਖਣ ਪੱਧਰਾਂ ਦੀ ਪ੍ਰਾਪਤੀ ਕਰਨ ਲਈ ਪ੍ਰੇਰਿਤ ਕੀਤਾ। ਵਿਭਾਗੀ ਗਤੀਵਿਧੀਆਂ ਅਤੇ ਮੁਹਿੰਮਾਂ ਜਿਵੇਂ ਸਮਾਰਟ ਸਕੂਲ ਮੁਹਿੰਮ, ਰੋਜ਼ਾਨਾ ਸ਼ਬਦ ਗਤੀਵਿਧੀ, ਈ- ਕੰਟੈਂਟ ਦੀ ਵਰਤੋਂ ਅਤੇ ਲਾਇਬ੍ਰੇਰੀ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਸਮੁੱਚੀ ਟੀਮ ਅਧਿਆਪਕਾਂ ਦੀ ਸਹਿਯੋਗੀ ਬਣ ਕੇ ਸਕੂਲੀ ਸਿੱਖਿਆ ਨੂੰ ਉੱਚ ਪਾਏ ਦੀ ਬਣਾਵੇ ਅਤੇ ਜੇਕਰ ਕਿਸੇ ਅਧਿਆਪਕ ਦੀ ਆਪਣੀ ਨੌਕਰੀ ਸੰਬੰਧੀ ਕੋਈ ਨਿੱਜੀ ਸਮੱਸਿਆ ਹੈ ਤਾਂ ਸਮੁੱਚੀ ਟੀਮ ਉਸ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਵਾਉਣ।
ਇਸ ਮੌਕੇ ਇੰਦਰਜੀਤ ਸਿੰਘ ਡੀ. ਪੀ.ਆਈ.(ਐਲੀ.ਸਿੱ) ਨੇ ਸਮੂਹ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਇਸ ਪ੍ਰੋਜੈਕਟ ਨੂੰ ਪੂਰੀ ਤਨਦੇਹੀ ਨਾਲ਼ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ।
ਮੀਟਿੰਗ ਵਿੱਚ ਸਟੇਟ ਪ੍ਰੋਜੈਕਟ ਡਾਇਰੈਕਟਰ ਡਾ. ਦਵਿੰਦਰ ਸਿੰਘ ਬੋਹਾ ਨੇ ਵਰਕਸ਼ਾਪ ਵਿੱਚ ਪਹੁੰਚੇ ਜ਼ਿਲ੍ਹਾ ਕੋਆਰਡੀਨੇਟਰਾਂ ਅਤੇ ਕਲਸਟਰ ਮਾਸਟਰ ਟ੍ਰੇਨਰਾਂ ਨੂੰ 'ਪੜ੍ਹੋ ਪੰਜਾਬ ਪੜਾਓ ਪੰਜਾਬ' ਪ੍ਰੋਜੈਕਟ ਨੂੰ ਸਫ਼ਲਤਾ ਦੀਆਂ ਬੁਲੰਦੀਆਂ 'ਤੇ ਲਿਜਾਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਪ੍ਰੇਰਦਿਆਂ ਕਰਦਿਆਂ ਕਿਹਾ ਕਿ ਉਹ ਅਧਿਆਪਕਾਂ ਦੇ ਸਹਿਯੋਗੀ,ਸਲਾਹਕਾਰ,ਮਾਰਗ- ਦਰਸ਼ਕ, ਸਹੂਲਤਕਰਤਾ ਬਣ ਕੇ ਪ੍ਰਾਇਮਰੀ ਸਿੱਖਿਆ ਨੂੰ ਗੁਣਾਤਮਿਕ ਬਣਾਉਣ ਅਤੇ ਬੱਚਿਆਂ ਦੀ ਊਰਜਾ ਨੂੰ ਸੰਚਾਰਿਤ ਕਰਨ। ਟੀਮ ਮੈਂਬਰ ਸਕੂਲਾਂ, ਬੱਚਿਆਂ ਅਧਿਆਪਕਾਂ ਦੀਆਂ ਚੰਗੀਆਂ ਕਾਰਗੁਜ਼ਾਰੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਹੋਰ ਸਕੂਲਾਂ ਨਾਲ ਸਾਂਝੀਆਂ ਕਰਨ।ਉਹਨਾਂ ਨੇ ਵਿਭਾਗ ਦੀ ਦਾਖ਼ਲਾ ਮੁਹਿੰਮ ਬਾਰੇ ਗੱਲ ਕਰਦਿਆਂ ਮੌਜੂਦਾ ਸ਼ੈਸਨ ਵਿੱਚ ਪ੍ਰੀ ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਦੀ ਵੱਧਦੀ ਦਾਖ਼ਲਾ ਦਰ 'ਤੇ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਪੰਜਾਬ ਦੀ ਸਿੱਖਿਆ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕਰਾਸ ਸਟੇਟ ਵਿਜ਼ਿਟ ਤਹਿਤ ਭਾਰਤ ਦੇ ਵੱਖ-ਵੱਖ ਰਾਜਾਂ ਜਿਵੇਂ ਹਰਿਆਣਾ, ਰਾਜਸਥਾਨ ,ਹਿਮਾਚਲ ਅਤੇ ਉੜੀਸਾ ਵਿੱਚ ਪੰਜਾਬ ਦੇ ਸਟੇਟ ਰਿਸੋਰਸ ਪਰਸਨਜ਼ ਵੱਲੋਂ ਸਮੇਂ-ਸਮੇਂ 'ਤੇ ਦੌਰੇ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਪੰਜਾਬ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਵਾਲ਼ਾ ਪਹਿਲਾ ਸੂਬਾ ਬਣਿਆ ਹੈ ਅਤੇ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨਵੇਂ ਦਿਸਹੱਦੇ ਸਿਰਜ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਵਿਭਾਗ ਵੱਲੋਂ ਪ੍ਰੀ ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਦੀਆਂ ਟ੍ਰੇਨਿੰਗਾਂ , ਐੱਮ.ਐੱਚ.ਆਰ.ਡੀ.ਟ੍ਰੇਨਿੰਗਾਂ, ਸਮਰ ਕੈਂਪਾਂ ਅਤੇ ਜ਼ਿਲ੍ਹਾ ਪੱਧਰ ਦੇ ਉੱਚ ਅਧਿਕਾਰੀਆਂ ਦੀਆਂ ਸਮੇਂ-ਸਮੇਂ 'ਤੇ ਲਗਾਈਆਂ ਐਜੂਸੈੱਟ ਰਾਹੀ ਲਗਾਈਆ ਟ੍ਰੇਨਿੰਗਾਂ ਬਾਰੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਜ਼ਿਲ੍ਹਾ ਪੱਧਰ ਦੇ ਉੱਚ ਅਧਿਕਾਰੀਆਂ ਨੂੰ ਪ੍ਰੋਜੈਕਟ ਦੀਆਂ ਟ੍ਰੇਨਿੰਗਾਂ ਦੇਣ ਦਾ ਮੁੱਖ ਉਦੇਸ਼ ਪ੍ਰੋਜੈਕਟ ਦੀਆਂ ਗਤੀਵਿਧੀਆਂ ਨਾਲ਼ ਜੁੜੇ ਰਹਿਣ ਅਤੇ ਪ੍ਰੋਜੈਕਟ ਦੀ ਸਫ਼ਲਤਾ ਵਿੱਚ ਸਰਗਰਮ ਭੂਮਿਕਾ ਨਿਭਾਉਣ ।
ਮੀਟਿੰਗ ਵਿੱਚ ਪੜ੍ਹੋ ਪੰਜਾਬ ਪ੍ਰੋਜੈਕਟ ਸਟੇਟ ਰਿਸੋਰਸ ਪਰਸਨ ਗੁਰਤੇਜ ਸਿੰਘ ,ਹਰਜੀਤ ਕੌਰ, ਨੀਲਮ ਰਾਣੀ ਅਤੇ ਪ੍ਰਤਿਭਾ ਵੀ ਹਾਜ਼ਰ ਸਨ।