ਐਸ.ਡੀ.ਐਮ ਦਫ਼ਤਰ ਮੂਨਕ ਵਿਖੇ ਸੰਭਾਵੀ ਹੜ੍ਹਾਂ ਦੀ ਰੋਕਥਾਮ ਲਈ ਭੇਜੀ ਗਈ ਸਮੱਗਰੀ ਦੀਆਂ ਤਸਵੀਰਾਂ।
ਜ਼ਿਲ੍ਹਾ ਪ੍ਰਸ਼ਾਸਨ ਨੇ ਮੂਨਕ ਵਿਖੇ ਅਗੇਤੇ ਪ੍ਰਬੰਧਾਂ ਵਜੋਂ 3 ਲੱਖ ਰੁਪਏ ਦੀ ਲੋੜੀਂਦੀ ਰਾਹਤ ਸਮੱਗਰੀ ਮੁਹੱਈਆ ਕਰਵਾਈ
ਘੱਗਰ ਦਰਿਆ ਸਮੇਤ ਨੇੜਲੀਆਂ ਨਹਿਰਾਂ 'ਚ ਪਾਣੀ ਦੇ ਪੱਧਰ 'ਤੇ ਰੱਖੀ ਜਾ ਰਹੀ ਹੈ ਨਜ਼ਰ
ਸੰਗਰੂਰ, 22 ਅਗਸਤ 2019: ਪਿਛਲੇ ਦਿਨੀਂ ਪਹਾੜੀ ਖੇਤਰਾਂ ਅਤੇ ਪੰਜਾਬ 'ਚ ਹੋਈ ਭਾਰੀ ਬਾਰਿਸ਼ ਤੋਂ ਬਾਅਦ ਜ਼ਿਲ੍ਹਾ ਸੰਗਰੂਰ 'ਚ ਘੱਗਰ ਦਰਿਆ ਸਮੇਤ ਸਾਰੀਆਂ ਡਰੇਨਾਂ ਤੇ ਬਰਸਾਤੀ ਨਾਲਿਆਂ 'ਚ ਪਾਣੀ ਦੇ ਪੱਧਰ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮੂਨਕ ਅਤੇ ਖਨੌਰੀ ਵਿਖੇ ਘੱਗਰ ਦਰਿਆ ਦੇ ਬੰਨ੍ਹਾਂ ਦੀ ਮਜ਼ਬੂਤੀ ਲਈ ਜਿੱਥੇ ਲਗਾਤਾਰ ਅਧਿਕਾਰੀਆਂ ਦੀ ਨਿਗਰਾਨੀ ਹੇਠਾਂ ਮਗਨਰੇਗਾ ਵਰਕਰਾਂ ਵੱਲੋਂ ਕਾਰਜ ਕੀਤੇ ਜਾ ਰਹੇ ਹਨ ਉੱਥੇ ਹੀ ਫਲੱਡ ਕੰਟਰੋਲ ਰੂਮ ਰਾਹੀਂ ਮਾਰਕੰਡਾ, ਟਾਂਗਰੀ, ਭਾਂਖਰਪੁਰ, ਚੀਕਾ, ਪਟਿਆਲਾ ਨਦੀ, ਸਰਾਲਾ ਆਦਿ 'ਚ ਪਾਣੀ ਦੇ ਪੱਧਰ 'ਤੇ ਲਗਾਤਾਰ ਨਜ਼ਰ ਰੱਖਦੇ ਹੋਏ ਕਿਸੇ ਵੀ ਸੰਭਾਵੀਂ ਸਥਿਤੀ ਨਾਲ ਨਜਿੱਠਣ ਲਈ ਢੁਕਵੇਂ ਪ੍ਰਬੰਧ ਕਰ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਐਸ.ਡੀ.ਐਮ ਦਫ਼ਤਰ ਮੂਨਕ ਵਿਖੇ ਅਗੇਤੇ ਪ੍ਰਬੰਧਾਂ ਵਜੋਂ ਕਰੀਬ ਤਿੰਨ ਲੱਖ ਰੁਪਏ ਦੀ ਲਾਗਤ ਨਾਲ ਲੋੜੀਂਦੀ ਹੜ੍ਹ ਨਿਯੰਤਰਣ ਰਾਹਤ ਸਮੱਗਰੀ ਮੁਹੱਈਆ ਕਰਵਾ ਦਿੱਤੀ ਗਈ ਹੈ ਜਿਸ ਵਿੱਚ ਜਾਲ ਬਣਾਉਣ ਵਾਲੀਆਂ ਤਾਰਾਂ, ਤਾਰ ਕਟਰ, ਪਲਾਸ, ਰੱਸੇ, ਸੂਏ, ਵੱਡੀ ਤਾਦਾਦ ਵਿੱਚ ਸੀਮਿੰਟ ਵਾਲੇ ਖਾਲੀ ਥੈਲੇ, ਚੇਨ ਲਿੰਕ ਫੈਂਸਿੰਗ ਆਦਿ ਸਮਾਨ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਖਨੌਰੀ ਗੇਜ ਵਿੱਚ ਪਾਣੀ ਦੇ ਪੱਧਰ ਦਾ ਹਰ ਪਲ ਜਾਇਜ਼ਾ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘੱਗਰ ਦਰਿਆ ਵਿੱਚ ਮੌਜੂਦਾ ਸਮੇਂ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਕਰੀਬ 3 ਫੁੱਟ ਹੇਠਾਂ ਚੱਲ ਰਿਹਾ ਹੈ ਅਤੇ ਹੋਰ ਬਰਸਾਤ ਨਾ ਪੈਣ ਦੀ ਸੂਰਤ ਵਿੱਚ ਪਾਣੀ ਦਾ ਪੱਧਰ ਲਗਾਤਾਰ ਘਟਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਫਿਰ ਵੀ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ।