ਗੁਰਨਾਮ ਸਿੱਧੂ
ਫ਼ਿਰੋਜ਼ਪੁਰ, 22 ਅਗਸਤ 2019 - ਹੜ੍ਹਾਂ ਨਾਲ ਜਿੱਥੇ ਪੰਜਾਬ ਦੇ ਬਹੁਤੇ ਜ਼ਿਲ੍ਹੇ ਘਿਰ ਗਏ ਹਨ ਉੱਥੇ ਫਿਰੋਜ਼ਪੁਰ ਅੰਦਰ ਵੀ ਪਾਣੀ ਨੇ ਭਾਰੀ ਮਾਰ ਕੀਤੀ ਹੈ। ਬੇਘਰ ਹੋਏ ਲੋਕ ਰੱਬੀ ਮਿਹਰ ਦੇ ਇੰਤਜ਼ਾਰ ਵਿਚ ਦਿਨ ਕੱਟੀ ਕਰ ਰਹੇ ਹਨ ਅਜਿਹੇ ਵਿਚ ਭਾਰਤੀ ਫੌਜ ਦੇ ਜਵਾਨ ਇਹਨਾਂ ਲੋਕਾਂ ਲਈ ਮਦਦ ਲਈ ਅੱਗੇ ਆ ਰਹੇ ਹਨ।
ਕਸਬਾ ਮੱਲਾਂਵਾਲਾ ਤੋਂ ਥੱਲੇ ਪੈਂਦੇ ਧੀਰਾ ਘਾਰਾ, ਰੱਤੋ ਕੇ, ਨਿਹਾਲਾ ਲਵੇਰਾ, ਬੰਡਾਲਾ ਆਦਿ ਪਿੰਡ ਪਾਣੀ ਦੀ ਮਾਰ ਹੇਠ ਹਨ। ਇਹਨਾਂ ਪਿੰਡਾਂ ਦੇ ਘਰਾਂ ਵਿੱਚ ਪਾਣੀ ਵੜ ਚੁੱਕਾ ਹੈ ਅਤੇ ਕਰੀਬ ਤਿੰਨ - ਚਾਰ ਸੌ ਪਰਿਵਾਰ ਪਾਣੀ ਵਿੱਚ ਘਿਰ ਚੁੱਕਾ ਹੈ ਜਿਹਨਾਂ ਦਾ ਸ਼ਹਿਰ ਨਾਲੋਂ ਸੰਪਰਕ ਬਿਲਕੁੱਲ ਟੁੱਟ ਚੁੱਕਾ ਹੈ। ਲੋਕਾਂ ਨੂੰ ਰੱਬ ਦੀ ਇਸ ਕਰੋਪੀ ਨੇ ਕਈ ਸਾਲ ਪਿੱਛੇ ਸੁੱਟ ਦਿੱਤਾ ਹੈ।
ਆਪਣੇ ਆਪ ਨੂੰ ਲਾਵਾਰਸ ਮਹਿਸੂਸ ਕਰ ਰਹੇ ਇਹਨਾਂ ਲੋਕਾਂ ਦੀ ਮਦਦ ਲਈ ਭਾਰਤੀ ਫੌਜ ਦੇ ਜੁਆਨ ਅੱਗੇ ਆਏ ਹਨ। 20 ਗੜਵਾਲ ਅਤੇ 5 ਇੰਜਨੀਅਰਿੰਗ ਯੂਨਿਟਾਂ ਦੇ ਜੁਆਨ ਹੜ੍ਹ ਪੀੜਤਾਂ ਲਈ ਰੱਬ ਬਣ ਕੇ ਬਹੁੜੇ ਹਨ। ਆਰਮੀ ਦੇ ਜੁਆਨ ਕਿਸ਼ਤੀਆਂ ਰਾਹੀਂ ਘਰ ਘਰ ਪੁੱਜ ਕੇ ਸਮੱਗਰੀ, ਡਾਕਟਰੀ ਸਹਾਇਤਾ ਦੇਕੇ ਪੂਰੀ ਦੇਖਭਾਲ ਕਰ ਰਹੇ ਹਨ।
ਖੁਦ ਖਾਣਾ ਤਿਆਰ ਕਰਕੇ ਲਿਆਉਂਦੇ ਹਨ ਅਤੇ ਪਿੰਡਾਂ ਵਿਚ ਖੁਦ ਜਾ ਕੇ ਖੁਵਾ ਕੇ ਆਉਂਦੇ ਹਨ। ਬਿਮਾਰ ਅਤੇ ਬੇਜ਼ੁਬਾਨ ਪਸ਼ੂਆਂ ਦਾ ਵੀ ਇਲਾਜ਼ ਕਰ ਰਹੇ ਹਨ ਸਾਡੇ ਜਵਾਨ। ਬੇਘਰ ਅਤੇ ਪਾਣੀ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਆਰਮੀ ਦੀਆਂ ਸਪੈਸ਼ਲ ਟੀਮਾਂ ਜੰਗੀ ਪੱਧਰ 'ਤੇ ਕੰਮ ਕਰ ਰਹੀਆਂ ਹਨ।
ਆਰਮੀ ਦੇ ਇਹਨਾਂ ਜਵਾਨਾਂ ਅਤੇ ਭਾਰਤੀ ਫੌਜ ਦੀ ਜਿੱਥੇ ਚੁਫੇਰਿਉਂ ਤਰੀਫ ਹੋ ਰਹੀ ਹੈ ਉੱਥੇ ਹੜ੍ਹ ਪੀੜਤ ਲੋਕ ਜਵਾਨਾਂ ਦਾ ਸ਼ੁਕਰੀਆ ਕਰਦੇ ਨਹੀ ਥੱਕ ਰਹੇ। ਜਦੋਂ ਬਾਬੂਸ਼ਾਹੀ ਨੇ ਆਰਮੀ ਦੇ ਇਹਨਾਂ ਜੁਆਨਾਂ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਇਹਨਾਂ ਚੋਂ ਕਈਆਂ ਦੇ ਆਪਣੇ ਪਰਿਵਾਰ ਵੀ ਪਾਣੀ ਦੀ ਮਾਰ ਹੇਠ ਆ ਚੁੱਕੇ ਹਨ ਪਰ ਇਹ ਜਵਾਨ ਦੇਸ਼ ਦੀ ਸੇਵਾ ਵਿਚ ਜੁਟੇ ਹੋਏ ਹਨ। ਬਾਬੂਸ਼ਾਹੀ ਦਾ ਭਾਰਤੀ ਫੌਜ ਦੇ ਇਹਨਾਂ ਜਵਾਨਾਂ ਨੂੰ ਸਲੂਟ ਹੈ।