ਗੁਰਨਾਮ ਸਿੱਧੂ
ਫ਼ਿਰੋਜ਼ਪੁਰ 23 ਅਗਸਤ : ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਿਚ ਸ਼ਾਇਦ ਚਮਚਾਗਿਰੀ ਵਿਚ ਨੰਬਰ ਇਕ ਬਣਨ ਦੀ ਦੌੜ ਲੱਗੀ ਹੋਈ ਹੈ ਜਿਸ ਦੀ ਤਾਜ਼ਾ ਮਿਸਾਲ ਉਦੋਂ ਵੇਖਣ ਨੂੰ ਮਿਲੀ ਜਦ ਜਿਲ੍ਹਾ ਸਿੱਖਿਆ ਅਫਸਰ (ਐਲੀ) ਫਤਿਹਗੜ੍ਹ ਸਾਹਿਬ ਦਿਨੇਸ਼ ਕੁਮਾਰ ਵੱਲੋਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ ਦੇ ਸਕੂਲ਼ ਵਿੱਚ ਬਦਲਾ ਲਊ ਭਾਵਨਾ ਨਾਲ ਚੈਕਿੰਗ ਦੇ ਬਹਾਨੇ ਆ ਕੇ ਬਿਨ੍ਹਾ ਕਿਸੇ ਵੀ ਕਾਰਣ ਤੋਂ ਅਧਿਆਪਕ ਹਾਜਰੀ ਰਜਿਸਟਰ,ਐਸ.ਐਮ.ਸੀ. ਦਾ ਰਿਕਾਰਡ ਅਤੇ ਦਾਖਿਲਾ ਖਾਰਿਜ਼ ਰਜਿਸਟਰ ਨੂੰ ਚੁੱਕ ਕੇ ਨਾਲ ਲੈ ਗਏ।
ਇਹਨਾ ਗੱਲਾਂ ਦਾ ਪ੍ਰਗਟਾਵਾ ਗੌਰਮਿੰਟ ਟੀਚਰਜ਼ ਯੂਨੀਅਨ, ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਜਨਰਲ ਸਕੱਤਰ ਜਸਵਿੰਦਰ ਸਿੰਘ ਮਮਦੋਟ, ਸ. ਮੀਤ ਪ੍ਰਧਾਨ ਰਾਜੀਵ ਹਾਂਡਾ, ਵਿੱਤ ਸਕੱਤਰ ਬਲਵਿੰਦਰ ਸਿੰਘ ਚੱਬਾ ਕੀਤਾ । ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਕੁਝ ਕੁ ਅਫਸਰ ਆਪਣੇ ਉਪਰਲੇ ਅਧਿਕਾਰੀਆਂ ਦੀ ਚਮਚਾਗਿਰੀ ਕਰਨ ਅਤੇ ਵੱਧ ਚੰਗਾ ਬਣ ਕੇ ਦਿਖਾਉਣ ਦੀ ਕੋਸ਼ਿਸ਼ ਵਿੱਚ ਅਜਿਹੀਆਂ ਘਿਨਾਉਣੀਆਂ ਹਰਕਤਾਂ ਵਿੱਚ ਰੁਝੇ ਹੋਏ ਹਨ ਅਤੇ ਬੇਲੋੜਾ ਵਿੱਦਿਅਕ ਮਾਹੌਲ ਨੂੰ ਖਰਾਬ ਕਰ ਰਹੇ ਹਨ,ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਿਲ੍ਹਾ ਪ੍ਰੈਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਜਿਸ ਥਾਂ ਇਨ੍ਹਾਂ ਅਧਿਕਾਰੀਆਂ ਨੂੰ ਬੋਲਣਾ ਚਾਹੀਦਾ ਹੈ ਉਥੇ ਇਨ੍ਹਾਂ ਦੀ ਜ਼ੁਬਾਨ ਨਹੀਂ ਖੁੱਲਦੀ। ਅਜੇ ਕੱਲ ਜਗਰਾਓਂ ਦੀ ਇਕ ਮੰਦਭਾਗੀ ਘਟਨਾ ਨੇ ਸਾਡੇ ਇਕ ਅਧਿਆਪਕ ਸਾਥੀ ਨੂੰ ਸਾਡੇ ਤੋਂ ਹਮੇਸ਼ਾ ਲਈ ਦੂਰ ਕਰਤਾ। ਮੋਹਾਲੀ ਮੀਟਿੰਗ 'ਤੇ ਜਾਣ ਦੀ ਕਾਹਲੀ ਵਿੱਚ ਮੌਤ ਨੇ ਉਸਨੂੰ ਸਾਡੇ ਤੋਂ ਦੂਰ ਕਰਤਾ। ਪੰਜਾਬ ਭਰ ਦੇ ਅਧਿਕਾਰੀਆਂ ਵਿੱਚੋਂ ਕਿਸੇ ਦੀ ਜੁਬਾਨ ਨਹੀਂ ਖੁੱਲੀ । ਅਜਿਹੀਆਂ ਬੇਲੋੜੀ ਮੀਟਿੰਗਾਂ ਬੰਦ ਹੋਣੀਆਂ ਚਾਹੀਦੀਆਂ ਹਨ। ਜੇ ਇਹ ਬਹੁਤ ਹੀ ਜਰੂਰੀ ਹਨ ਤਾਂ ਐਜੂਸੇਟ/ਵੀਡੀਓ ਕਾਨਫਰੰਸ ਰਾਹੀਂ ਵੀ ਕੀਤੀਆਂ ਜਾ ਸਕਦੀਆਂ ਹਨ। ਕੱਲ ਮੋਹਾਲੀ ਹੋਈ ਮੀਟਿੰਗ ਦਾ ਪ੍ਰੈਸ ਨੋਟ ਵੇਖਕੇ ਹੋਰ ਵੀ ਜਿਆਦਾ ਦੁੱਖ ਹੋਇਆ ਕਿ ਮ੍ਰਿਤਕ ਸਾਥੀ ਦਾ ਉਸ ਵਿਚ ਜਿਕਰ ਤੱਕ ਨਹੀਂ ਸੀ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਮੀਟਿੰਗਾਂ ਤੇ ਜਾਂਦੇ ਜਾਂ ਵਾਪਸ ਆਉਂਦੇ ਹਾਦਸੇ ਹੋ ਚੁੱਕੇ ਹਨ।ਪਰ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਹਾਦਸਿਆਂ ਤੋਂ ਸਬਕ ਨਹੀਂ ਸਿਖਿਆ ਜਿਸ ਦੀ ਕੀਮਤ ਸਾਡੇ ਇਕ ਅਧਿਆਪਕ ਸਾਥੀ ਨੇ ਆਪਣੀ ਜਾਨ ਦੇ ਰੂਪ ਵਿਚ ਚੁੱਕਾਈ ਹੈ।
ਗੌਰਵ ਮੁੰਜਾਲ, ਸੰਦੀਪ ਟੰਡਨ, ਗੁਰਮੀਤ ਸਿੰਘ, ਸੁਰਿੰਦਰ ਨਰੂਲਾ, ਹਰਪਾਲ ਸਿੰਘ, ਸੰਜੇ ਚੌਧਰੀ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਦੇ ਅਫਸਰ ਦੀ ਇਸ ਕੋਝੀ ਹਰਕਤ 'ਤੇ ਬਦ-ਨੀਅਤੀ ਦਾ ਠੋਕਵਾਂ ਜਵਾਬ ਦਿੱਤਾ ਜਾਵੇਗਾ।ਆਗੂਆ ਨੇ ਇਸ ਮੌਕੇ ਹਰ ਪ੍ਰਕਾਰ ਦੇ ਤਿੱਖੇ ਸੰਘਰਸ ਦਾ ਅਹਿਦ ਕੀਤਾ ਤੇ ਕਿਹਾ ਕਿ ਗੋਰਮਿੰਟ ਟੀਚਰਜ਼ ਯੂਨੀਅਨ, ਪੰਜਾਬ ਦੀ 25 ਅਗਸਤ ਨੂੰ ਲੁਧਿਆਣੇ ਵਿਖੇ ਹੋ ਰਹੀ ਮੀਟਿੰਗ ਵਿਚ ਅਗਲੀ ਰਣਨੀਤੀ ਤੈਅ ਕੀ ਜਾਏਗੀ। ਇਸ ਮੌਕੇ ਬਲਵਿੰਦਰ ਬਹਿਲ, ਸਹਿਨਾਜ, ਸੁਖਵਿੰਦਰ ਸਿੰਘ, ਤਰਲੋਕ ਭੱਟੀ, ਕਮਲਪੁਰੀ ਆਦਿ ਵੀ ਹਾਜ਼ਰ ਸਨ।