ਐਡਮਿੰਟਨ, 23 ਅਗਸਤ 2019 - ਐਡਮਿੰਟਨ ਦੇ ਨੋਰਕੂਏਸਟ ਕਾਲਜ ਵਿੱਚ ਬਿਜਨੈਸ ਅਕਾਉਂਟਿਂਗ ਦੀ ਪੜ੍ਹਾਈ ਕਰਦੇ 21 ਸਾਲਾ ਨੌਜਵਾਨ ਦੀ ਸਿਲਵੇਨ ਲੇਕ 'ਚ ਡੁੱਬਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਪਲਵਿੰਦਰ ਸਿੰਘ ਵਜੋਂ ਹੋਈ ਹੈ।
ਦਰਅਸਲ ਪਲਵਿੰਦਰ ਆਪਣੇ ਦੋਸਤਾਂ ਨਾਲ ਸਿਲਵੇਨ ਲੇਕ ਘੁੰਮਣ ਗਿਆ ਸੀ ਅਤੇ ਇਨ੍ਹਾਂ 'ਚੋਂ ਇੱਕ ਦੋਸਤ ਨਾਲ ਉਹ ਹਵਾ ਦੇ ਇੱਕ ਗੱਦੇ ‘ਤੇ ਬੈਠ ਕੇ ਲੇਕ ਵਿੱਚ ਉੱਤਰ ਗਿਆ, ਨਾ ਤਾਂ ਉਸਨੇ ਜੈਕਟ ਪਾਈ ਸੀ ਅਤੇ ਨਾ ਹੀ ਉਨ੍ਹਾਂ ਕੋਲ ਚੱਪੂ ਸੀ, ਪਾਣੀ ਦੇ ਵਹਾਅ ਕਰਕੇ ਉਹ ਡੂੰਘੇ ਪਾਸੇ ਵੱਲ ਵੱਧ ਗਏ ਤੇ ਜੱਦ ਵਾਪਿਸ ਆਉਣ ਦੀ ਕੋਸ਼ਿਸ਼ ਵਿੱਚ ਹੱਥ ਨਾਲ ਪੈਡਲਿੰਗ ਸ਼ੁਰੂ ਕੀਤੀ ਤਾਂ ਪਲਵਿੰਦਰ ਪਾਣੀ ਵਿੱਚ ਡਿੱਗ ਗਿਆ, ਦੂਜੇ ਦੋਸਤ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਲਵਿੰਦਰ ਉਸਦਾ ਹੱਥ ਚੰਗੀ ਤਰ੍ਹਾਂ ਨਾ ਫੜ ਸਕਿਆ।
ਚੰਗੀ ਕਿਸਮਤ ਪਲਵਿੰਦਰ ਦੇ ਦੋਸਤ ਦੀ ਰਹੀ ਜਿਸਨੂੰ ਸਮਾਂ ਰਹਿੰਦਿਆਂ ਇੱਕ ਹੋਰ ਬੋਟ ਵਾਲੇ ਨੇ ਬਚਾ ਲਿਆ, ਪਰ ਪਲਵਿੰਦਰ ਤੱਦ ਤੱਕ ਡੁੱਬ ਚੁੱਕਾ ਸੀ। ਆਰਸੀਐਮਪੀ ਵਲੋਂ ਡੁੱਬਣ ਦਾ ਕਾਰਨ ਅਣਗਹਿਲੀ ਨੂੰ ਦੱਸਿਆ ਜਾ ਰਿਹਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਵਲੋਂ ਇਸ ਪਾਣੀ ਦੇ ਖਤਰੇ ਨੂੰ ਨਜਰਅੰਦਾਜ ਕੀਤਾ ਗਿਆ।