ਅੰਮ੍ਰਿਤਸਰ, 23 ਅਗਸਤ 2019 - ਪੰਜਾਬ ਦੇ ਕਈ ਹਿੱਸਿਆਂ ਵਿੱਚ ਆਏ ਹੜ੍ਹਾਂ ਕਾਰਨ ਉਸ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਉਨਾਂ ਵਾਸਤੇ ਫਿਲਹਾਲ ਲੰਗਰ, ਪਸ਼ੂਆਂ ਲਈ ਚਾਰਾ, ਦਵਾਈਆਂ, ਪੀਣ ਲਈ ਪਾਣੀ ਆਦਿ ਦਾ ਪ੍ਰਬੰਧ ਪੰਜਾਬ ਸਰਕਾਰ, ਕਾਰ ਸੇਵਾ ਵਾਲੇ ਮਹਾਂਪੁਰਖਾਂ, ਸਮਾਜ ਸੇਵੀ ਜਥੇਬੰਦੀਆਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ। ਪਾਣੀ ਦੇ ਪਿੱਛੇ ਹੱਟਣ ਮਗਰੋਂ ਇਨ੍ਹਾਂ ਪੀੜਤ ਲੋਕਾਂ ਦੇ ਮੁੜ ਵਸੇਬੇ ਦਾ ਕੰਮ ਸ਼ੁਰੂ ਹੋਵੇਗਾ। ਗੁਰੂ ਰਾਮਦਾਸ ਜੀ ਦੀ ਵਰਸੋਈ ਨਗਰੀ ਅੰਮ੍ਰਿਤਸਰ, ਜੋ ਕਿ ਨੇਕੀ ਦੇ ਕਿਸੇ ਵੀ ਕੰਮ ਵਿਚ ਪਿੱਛੇ ਨਹੀਂ ਰਹਿੰਦੀ, ਤੋਂ ਵੀ ਕਈ ਦਾਨੀ ਸੱਜਣ ਉਕਤ ਰਾਹਤ ਕੰਮਾਂ ਵਿਚ ਆਪਣਾ ਯੋਗਦਾਨ ਪਾਉਣ ਲਈ ਡਿਪਟੀ ਕਮਿਸ਼ਨਰ, ਐਸ ਡੀ ਐਮ ਅਤੇ ਹੋਰ ਦਫਤਰਾਂ ਵਿਚੋਂ ਪੁੱਛ-ਪੜਤਾਲ ਕਰ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਇੰਨਾਂ ਦਾਨੀ ਸੱਜਣਾਂ ਦਾ ਧੰਨਵਾਦ ਕਰਦੇ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਜੋ ਪੰਜਾਬ ਦੇ ਹੜ੍ਹ ਪੀੜਤਾਂ ਵਾਸਤੇ ਆਪਣਾ ਵਿੱਤੀ ਯੋਗਦਾਨ ਪਾਉਣਾ ਚਾਹੁੰਦਾ ਹੈ, ਉਹ 'ਮੁੱਖ ਮੰਤਰੀ ਰਾਹਤ ਫੰਡ' ਦੇ ਨਾਮ ਦਾ ਚੈਕ ਡਿਪਟੀ ਕਮਿਸ਼ਨਰ ਕੰਪਲੈਕਸ ਸਥਿਤ ਡੀ. ਆਰ. ਓ ਬਰਾਂਚ ਜਾਂ ਕਿਸੇ ਵੀ ਐਸ ਡੀ ਐਮ ਦੇ ਦਫਤਰ ਵਿਚ ਦੇ ਸਕਦੇ ਹਨ, ਜਿਥੋਂ ਇਹ ਪੈਸਾ ਉਨ੍ਹਾਂ ਲੋੜਵੰਦ ਲੋਕਾਂ ਤੱਕ ਪੁੱਜਦਾ ਕਰ ਦਿੱਤਾ ਜਾਵੇਗਾ।