ਨਵੀਂ ਦਿੱਲੀ, 24 ਅਗਸਤ 2019 - ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੇ ਪਿਛਲੇ ਸਪੀਕਰ, ਕੋਡੇਲਾ ਸਿਵਾ ਪ੍ਰਸਾਦ ਰਾਓ 'ਤੇ ਹੈਦਰਾਬਾਦ ਵਿੱਚ ਆਪਣੇ ਸਪੀਕਰ ਦੇ ਦਫ਼ਤਰ 'ਚੋਂ ਨਿਜ਼ਾਮ-ਯੁੱਗ ਦਾ ਟੇਬਲ, ਡਿਜ਼ਾਈਨਰ ਕੁਰਸੀਆਂ, ਸੋਫੇ, ਏਅਰ-ਕੰਡੀਸ਼ਨਰ ਅਤੇ ਕੁਝ 'ਨਿੱਜੀ' ਕੰਪਿਊਟਰ ਲਿਜਾਣ ਦਾ ਦੋਸ਼ ਲੱਗਿਆ ਹੈ।
'ਦ ਇੰਡੀਅਨ ਐਕਸਪ੍ਰੈੱਸ' ਦੀ ਖ਼ਬਰ ਮੁਤਾਬਕ ਵਾਈ.ਐਸ.ਆਰ ਕਾਂਗਰਸ ਪਾਰਟੀ ਦੀ ਸਰਕਾਰ ਨੇ ਰਾਓ 'ਤੇ ਸਰਕਾਰੀ ਪ੍ਰਾਪਰਟੀ ਚੋਰੀ ਕਰਨ ਦਾ ਦੋਸ਼ ਲਗਾਇਆ ਹੈ। ਉਥੇ ਹੀ ਇਸ 'ਵ ਨਵਾਂ ਮੋੜ ਉਸ ਵੇਲੇ ਆਇਆ ਜਦੋਂ ਚੋਰਾਂ ਨੇ ਵੀਰਵਾਰ ਰਾਤ ਨੂੰ ਸੱਤੇਨਾਪੱਲੀ ਵਿਖੇ ਸਾਬਕਾ ਸਪੀਕਰ ਦੇ ਨਿੱਜੀ ਦਫਤਰ ਵਿਚ ਦਾਖਲ ਹੋ ਕੇ ਦੋ ਸਰਕਾਰੀ ਕੰਪਿਊਟਰ ਚੋਰੀ ਕਰ ਲਏ, ਜੋ ਸਾਬਕਾ ਸਪੀਕਰ ਕਥਿਤ ਤੌਰ 'ਤੇ ਘਰ ਲੈ ਗਏ ਸਨ।
ਸੱਤੇਨਾਪੱਲੀ ਟਾਊਨ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਸਾਰਥ ਬਾਬੂ ਅਨੁਸਾਰ ਜਿਵੇਂ ਹੀ ਇਹ ਖ਼ਬਰ ਫੈਲੀ ਕਿ ਪੁਲਿਸ ਸੀ.ਸੀ.ਟੀ.ਵੀ ਫੁਟੇਜ ਦੀ ਪੜਤਾਲ ਕਰ ਰਹੀ ਹੈ ਤਾਂ ਇਕ ਚੋਰ (ਸਾਬਕਾ ਕਰਮਚਾਰੀ) ਸਪੀਕਰ ਰਾਓ ਦੇ ਘਰ ਨੇੜੇ ਕੰਪਿਊਟਰ ਸੁੱਟ ਕੇ ਸਰੰਡਰ ਕਰ ਗਿਆ।
ਇਸੇ ਦੌਰਾਨ ਰਾਓ ਨੇ ਦਾਅਵਾ ਕੀਤਾ ਕਿ ਜਦੋਂ ਦਫਤਰ ਹੈਦਰਾਬਾਦ ਤੋਂ ਅਮਰਾਵਤੀ ਤਬਦੀਲ ਕੀਤਾ ਜਾ ਰਿਹਾ ਸੀ ਤਾਂ ਉਸ ਨੇ ਸਰਕਾਰੀ ਫਰਨੀਚਰ ਅਤੇ ਇਲੈਕਟ੍ਰਾਨਿਕ ਸਮਾਨ ਇਸ ਡਰ ਤੋਂ ਆਪਣੇ ਕੋਲ ਰੱਖਿਆ ਸੀ ਕਿ ਇਹ ਚੋਰੀ ਜਾਂ ਨੁਕਸਾਨਿਆ ਨਾ ਜਾਏ ।
ਰਾਓ ਨੇ 'ਦਿ ਇੰਡੀਅਨ ਐਕਸਪ੍ਰੈਸ' ਨੂੰ ਦੱਸਿਆ ਕਿ ਨਿਜ਼ਾਮ-ਯੁੱਗ ਦੀ ਇਕ ਮੇਜ਼, ਬਰਮਾ ਟੀਕ ਤੋਂ ਬਣੀਆਂ ਡਿਜ਼ਾਈਨਰ ਕੁਰਸੀਆਂ, 14 ਮੋਰ ਦੇ ਆਕਾਰ ਵਾਲੀਆਂ ਕੁਰਸੀਆਂ, ਇਕ ਸੈਂਟਰ ਟੇਬਲ, 117 ਪਲਾਸਟਿਕ ਕੁਰਸੀਆਂ, ਸਪੀਕਰ ਦੇ ਐਂਟੀ-ਚੈਂਬਰ ਦੀਆਂ 3 ਕੁਰਸੀਆਂ, ਇਕ 3 ਸੀਟਰ ਸੋਫ਼ਾ, ਦੋ ਸਪਲਿਟ ਏਅਰਕੰਡੀਸ਼ਨਰ ਅਤੇ ਇਕ ਟਾਵਰ ਏ ਸੀ ਉਸਦੇ ਵੱਖ-ਵੱਖ ਦਫਤਰਾਂ ਵਿਚ ਪਏ ਸਨ।
ਆਂਧਰਾ ਪ੍ਰਦੇਸ਼ ਅਸੈਂਬਲੀ ਦੇ ਅਧਿਕਾਰੀਆਂ ਦੇ ਅਨੁਸਾਰ, ਗੁੰਟੂਰ ਸ਼ਹਿਰ ਵਿੱਚ ਰਾਓ ਦੇ ਬੇਟੇ ਸਿਵਰਮ ਦੀ ਮਾਲਕੀ ਵਾਲੀ ਇੱਕ ਮੋਟਰਸਾਈਕਲ ਸ਼ੋਅਰੂਮ ਵਿੱਚ ਵਿਧਾਨ ਸਭਾ ਦੇ ਫਰਨੀਚਰ ਦਾ ਬਹੁਤ ਸਾਰਾ ਹਿੱਸਾ ਮਿਲਿਆ ਹੈ। ਸ਼ੁੱਕਰਵਾਰ ਨੂੰ ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੇ ਮੁੱਖ ਮਾਰਸ਼ਲ ਅਤੇ ਸੁਰੱਖਿਆ ਅਧਿਕਾਰੀ ਗਣੇਸ਼ ਬਾਬੂ ਦਾ ਤਬਾਦਲਾ ਕਰ ਦਿੱਤਾ ਗਿਆ।
ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੇ ਡਿਪਟੀ ਸਪੀਕਰ ਕੋਨਾ ਰਘੂਪਤੀ ਨੇ ਦਿ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ, "ਰਾਓ ਨੇ ਜੋ ਫਰਨੀਚਰ ਚੁੱਕਿਆ ਸੀ ਉਨ੍ਹਾਂ ਵਿੱਚੋਂ ਕੁਝ ਉਨ੍ਹਾਂ ਦੇ ਕਾਰਜਕਾਲ ਦੌਰਾਨ ਖਰੀਦੇ ਗਏ ਸਨ। ਦਫ਼ਤਰ ਬਦਲਣ ਵੇਲੇ, ਫਰਨੀਚਰ ਕੁਝ ਮੈਂਬਰਾਂ ਦੁਆਰਾ ਮੁੜ ਵਾਪਸ ਕਰਨ ਦੇ ਭਰੋਸੇ 'ਤੇ ਆਪਣੇ ਕੋਲ ਰੱਖ ਲਿਆ ਜਾਂਦਾ ਹੈ। ਇਸ ਕੇਸ ਵਿੱਚ, ਸਾਬਕਾ ਸਪੀਕਰ ਉਸ ਫਰਨੀਚਰ ਨੂੰ ਵਾਪਸ ਕਰਨ ਵਿੱਚ ਅਸਫਲ ਰਹੇ ਹਨ। ਜਦੋਂ ਨਵੀਂ ਅਸੈਂਬਲੀ ਦੀ ਇਮਾਰਤ ਉਸਾਰੀ ਗਈ ਸੀ ਤਾਂ ਸਾਬਕਾ ਸਪੀਕਰ ਨੂੰ ਫਰਨੀਚਰ ਵਾਪਸ ਕਰਨਾ ਚਾਹੀਦਾ ਸੀ । ਅਸੀਂ ਅਜੇ ਤਕ ਕੋਈ ਪੁਲਿਸ ਕੇਸ ਦਰਜ ਨਹੀਂ ਕੀਤਾ। ਜੇ ਰਾਓ ਫਰਨੀਚਰ ਵਾਪਸ ਕਰ ਦਿੰਦੇ ਨੇ, ਤਾਂ ਮਸਲਾ ਹੱਲ ਹੋ ਜਾਵੇਗਾ।