ਗੁਰਨਾਮ ਸਿੱਧੂ
ਫ਼ਿਰੋਜ਼ਪੁਰ 24 ਅਗਸਤ 2019 : ਖੇਡ ਵਿਭਾਗ ਪੰਜਾਬ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਈਆਂ ਜਾ ਰਹੀਆਂ ਖੇਡਾਂ ਦੀ ਲੜੀ ਤਹਿਤ ਅੱਜ ਸੰਪੰਨ ਹੋਈਆਂ ਪੰਜਾਬ ਰਾਜ ਖੇਡਾਂ (ਅੰਡਰ-14) ਲੜਕੇ ਵਿੱਚੋਂ ਫ਼ਿਰੋਜ਼ਪੁਰ ਦੇ ਖਿਡਾਰੀਆਂ ਨੇ 2 ਸੋਨੇ, ਇੱਕ ਚਾਂਦੀ ਅਤੇ 4 ਕਾਂਸੀ ਦੇ ਤਗਮੇ ਜਿੱਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸੁਨੀਲ ਸ਼ਰਮਾ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਅੱਜ ਸੰਪੰਨ ਹੋਈਆਂ ਪੰਜਾਬ ਰਾਜ ਖੇਡਾਂ (ਅੰਡਰ 14) ਵਿੱਚ ਫ਼ਿਰੋਜ਼ਪੁਰ ਦੇ ਖਿਡਾਰੀਆਂ ਨੇ ਐਥਲੈਟਿਸ ਵਿੱਚ 4x100 ਮੀਟਰ ਰਿਲੇਅ ਰੇਸ ਵਿੱਚੋਂ ਹਰਸਿਮਰਰਨ ਸਿੰਘ, ਜੋਬਨਪ੍ਰੀਤ ਸਿੰਘ,ਅਭੈਰਾਜ ਸਿੰਘ ਅਤੇ ਵਿਲੀਅਮ 'ਤੇ ਅਧਾਰਿਤ ਟੀਮ ਅਤੇ ਹੈਂਡਬਾਲ ਟੀਮ ਨੇ ਸੋਨ ਤਗਮੇ ਹਾਸਲ ਕੀਤੇ ਹਨ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਬਾਕਸਿੰਗ ਵਿੱਚੋਂ ਫ਼ਿਰੋਜ਼ਪੁਰ ਦੇ ਖਿਡਾਰੀਆਂ ਨੇ ਇੱਕ ਚਾਂਦੀ ਅਤੇ ਇੱਕ ਕਾਂਸੀ ਤਗਮਾ ਜਦ ਕਿ ਕਬੱਡੀ, ਤੈਰਾਕੀ ਅਤੇ ਐਥਲੈਟਿਕਸ ਵਿੱਚ 200 ਮੀਟਰ ਰੇਸ ਵਿੱਚੋਂ ਚਾਰ ਕਾਂਸੀ ਦੇ ਤਗਮੇ ਜਿੱਤੇ ਹਨ।
ਤਗਮਾ ਜੇਤੂ ਖਿਡਾਰੀਆਂ ਦਾ ਅੱਜ ਫ਼ਿਰੋਜ਼ਪੁਰ ਪਹੁੰਚਣ 'ਤੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਭਰਵਾਂ ਸਵਾਗਤ ਕੀਤਾ ਗਿਆ। ਖਿਡਾਰੀਆਂ ਦੀ ਇਸ ਪ੍ਰਾਪਤੀ 'ਤੇ ਜ਼ਿਲ੍ਹਾ ਖੇਡ ਅਫ਼ਸਰ ਸੁਨੀਲ ਸ਼ਰਮਾ, ਹੈਂਡਬਾਲ ਕੋਚ ਗੁਰਜੀਤ ਸਿੰਘ ਤੇ ਜਗਮੀਤ ਸਿੰਘ, ਤੈਰਾਕੀ ਕੋਚ ਗਗਨ ਮਾਟਾ, ਬਾਕਸਿੰਗ ਕੋਚ ਰਮੀਂ ਕਾਂਤ, ਕਬੱਡੀ ਕੋਚ ਅਵਤਾਰ ਕੌਰ,ਐਥਲੈਟਿਕਸ ਕੋਜ ਰੁਪਿੰਦਰ ਸਿੰਘ ਢਿੱਲੋਂ ਆਦਿ ਨੇ ਵਧਾਈ ਦਿੱਤੀ। ਇਸ ਮੌਕੇ ਖਿਡਾਰੀਆਂ ਦੇ ਮਾਪੇ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਵੀ ਹਾਜ਼ਰ ਸਨ।