ਬਟਾਲਾ, 24 ਅਗਸਤ 2019 - ਦੀ ਬਟਾਲਾ ਸਹਿਕਾਰੀ ਖੰਡ ਮਿੱਲ ਦੇ ਬੋਰਡ ਆਫ ਡਾਇਰੈਕਟਰਜ ਵਲੋਂ ਅੱਜ ਸਰਬਸੰਮਤੀ ਨਾਲ ਸੁਖਵਿੰਦਰ ਸਿੰਘ ਕਾਹਲੋਂ ਸ਼ੇਰਪੁਰ ਨੂੰ ਸ਼ੂਗਰ ਮਿੱਲ ਬਟਾਲਾ ਦਾ ਨਵਾਂ ਚੇਅਰਮੈਨ ਚੁਣ ਲਿਆ ਗਿਆ ਹੈ, ਜਦਕਿ ਵਾਈਸ ਚੇਅਰਮੈਨ ਬੇਅੰਤ ਸਿੰਘ ਵੜੈਚ ਬਣੇ ਹਨ। ਬੋਰਡ ਆਫ ਡਾਇਰੈਕਟਰਜ ਵਲੋਂ ਇਹ ਚੋਣ ਸਰਬਸੰਮਤੀ ਨਾਲ ਕੀਤੀ ਗਈ ਹੈ। ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਇਸ ਮੌਕੇ ਹਾਜ਼ਰ ਸਨ।
ਨਵੇਂ ਬਣੇ ਚੇਅਰਮੈਨ ਸੁਖਵਿੰਦਰ ਸਿੰਘ ਕਾਹਲੋਂ ਸ਼ੇਰਪੁਰ ਅਤੇ ਵਾਈਸ ਚੇਅਰਮੈਨ ਬੇਅੰਤ ਸਿੰਘ ਵੜੈਚ ਨੂੰ ਮੁਬਾਰਕਬਾਦ ਦਿੰਦਿਆਂ ਕੈਬਨਿਟ ਮੰਤਰੀ ਬਾਜਵਾ ਨੇ ਕਿਹਾ ਕਿ ਆਸ ਕੀਤੀ ਜਾ ਸਕਦੀ ਹੈ ਕਿ ਨਵੀਂ ਟੀਮ ਦੀ ਅਗਵਾਈ ਹੇਠ ਬਟਾਲਾ ਦੀ ਸਹਿਕਾਰੀ ਖੰਡ ਮਿੱਲ ਤਰੱਕੀ ਦੀਆਂ ਨਵੀਆਂ ਪੁਲਾਂਘਾਂ ਪੁੱਟੇਗੀ। ਉਨਾਂ ਕਿਹਾ ਕਿ ਬਟਾਲਾ ਦੀ ਸ਼ੂਗਰ ਮਿੱਲ ਮਾਝੇ ਦੇ ਕਿਸਾਨਾਂ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ ਅਤੇ ਇਸ ਮਿੱਲ ਨੂੰ ਕਾਮਯਾਬ ਕਰਨ ਲਈ ਸੂਬਾ ਸਰਕਾਰ ਵੀ ਪੂਰੇ ਯਤਨ ਕਰ ਰਹੀ ਹੈ। ਉਨਾਂ ਕਿਹਾ ਕਿ ਬਟਾਲਾ ਖੰਡ ਮਿੱਲ ਦਾ ਫਸਲੀ ਵਿਭਿੰਨਤਾ ਲਿਆਉਣ ਵਿੱਚ ਵੀ ਅਹਿਮ ਯੋਗਦਾਨ ਹੈ ਅਤੇ ਇਸ ਮਿੱਲ ਦੀ ਬਦੌਲਤ ਇਲਾਕੇ ਦੇ ਕਿਸਾਨ ਵੱਡੇ ਰਕਬੇ ਵਿੱਚ ਗੰਨੇ ਦੀ ਕਾਸ਼ਤ ਕਰਦੇ ਹਨ। ਉਨਾਂ ਨੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਵੀਂ ਟੀਮ ਇਮਾਨਦਾਰੀ ਨਾਲ ਕਿਸਾਨੀ ਦੀ ਸੇਵਾ ਕਰੇਗੀ।
ਇਸ ਮੌਕੇ ਦੀ ਬਟਾਲਾ ਸਹਿਕਾਰੀ ਖੰਡ ਮਿੱਲ ਦੇ ਚੇਅਰਮੈਨ ਸੁਖਵਿੰਦਰ ਸਿੰਘ ਕਾਹਲੋਂ ਸ਼ੇਰਪੁਰ ਨੇ ਕਿਹਾ ਕਿ ਉਨਾਂ ਨੂੰ ਅੱਜ ਜੋ ਨਵੀਂ ਜਿੰਮੇਵਾਰੀ ਦਿੱਤੀ ਗਈ ਹੈ ਉਹ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਆਪਣੀ ਇਸ ਜਿੰਮੇਵਾਰੀ ਨੂੰ ਨਿਭਾਉਣਗੇ। ਕਾਹਲੋਂ ਕਿਹਾ ਕਿ ਉਹ ਕਿਸਾਨਾਂ ਦੀ ਭਲਾਈ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ ਅਤੇ ਆਪਣੀ ਪੂਰੀ ਕੋਸ਼ਿਸ਼ ਕਰਨਗੇ ਬਟਾਲਾ ਖੰਡ ਮਿੱਲ ਗੰਨਾ ਕਾਸ਼ਤਕਾਰਾਂ ਲਈ ਹੋਰ ਵੀ ਲਾਹੇਵੰਦੀ ਸਾਬਤ ਹੋ ਸਕੇ। ਇਸ ਮੌਕੇ ਉਨਾਂ ਨੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਬੋਰਡ ਆਫ ਡਾਇਰੈਕਟਰਜ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਮਾਨ, ਬਟਾਲਾ ਸਹਿਕਾਰੀ ਖੰਡ ਮਿੱਲ ਦੇ ਬੋਰਡ ਆਫ ਡਾਇਰੈਕਟਰਜ ਗੁਰਬਚਨ ਸਿੰਘ ਬਾਜਵਾ ਪੰਜਗਰਾਈਆਂ, ਹਰਜਿੰਦਰ ਸਿੰਘ ਕਾਹਲਵਾਂ, ਸੁਰਿੰਦਰ ਸਿੰਘ ਰੰਧਾਵਾ ਬੂਲੇਵਾਲ, ਬਲਵਿੰਦਰ ਕੌਰ ਘੁੰਮਣ ਕਲਾਂ, ਗੁਰਵਿੰਦਰ ਸਿੰਘ ਵਿੱਕੀ ਸਤਕੋਹਾ, ਬਲਵਿੰਦਰ ਕੌਰ ਕੋਟ ਅਹਿਮਦ ਖਾਂ ਤੋਂ ਇਲਾਵਾ ਬਟਾਲਾ ਖੰਡ ਮਿੱਲ ਦੇ ਜੀ.ਐੱਮ. ਡਾ. ਐੱਸ.ਪੀ. ਸਿੰਘ, ਗੁਰਦਾਸਪੁਰ ਖੰਡ ਮਿੱਲ ਦੇ ਜੀ.ਐੱਮ. ਸੁਰਿੰਦਪਾਲ, ਚੀਫ ਕੈਮਿਸਟ ਆਰ.ਪੀ. ਸਿੰਘ, ਸੁਪਰਡੈਂਟ ਸਲਵਿੰਦਰ ਸਿੰਘ ਰੰਧਾਵਾ, ਸਾਬਕਾ ਡਾਇਰੈਕਟਰ ਸਹਿਕਾਰੀ ਬੈਂਕ ਗੁਰਦੀਪ ਸਿੰਘ ਕਾਹਲੋਂ, ਟੀਟਾ ਬਾਜਵਾ ਵੀ ਮੌਜੂਦ ਸਨ।