ਫਾਜ਼ਿਲਕਾ, 24 ਅਗਸਤ 2019 (ਇੰਦਰਜੀਤ ਸਿੰਘ) - ਫਾਜ਼ਿਲਕਾ ਸਿਟੀ ਪੁਲਿਸ ਨੇ ਪਿਓ-ਪੁੱਤ ਉੱਤੇ 52 ਲੱਖ ਰੁਪਏ ਦੀ ਠੱਗੀ ਕਰਨ ਦੇ ਇਲਜ਼ਾਮ 'ਚ ਮਾਮਲਾ ਦਰਜ ਕੀਤਾ ਹੈ। ਦੋਵੇ ਪਿਓ ਪੁੱਤਰ ਫਾਜ਼ਿਲਕਾ ਵਿੱਚ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਹਨ ਜਿਨ੍ਹਾਂ ਨੇ ਆਪਣੀ 32 ਕਨਾਲ ਜ਼ਮੀਨ ਵੇਚਣ ਦੇ ਨਾਮ 'ਤੇ 52 ਲੱਖ ਰੁਪਏ ਦੀ ਠੱਗੀ ਨੂੰ ਅੰਜਾਮ ਦਿੱਤਾ ਹੈ। ਇਨ੍ਹਾਂ ਦੋਵੇ ਪਿਓ-ਪੁੱਤਾਂ ਉੱਤੇ ਹੋਰ ਵੀ ਕਈ ਲੋਕਾਂ ਨੇ ਉਨ੍ਹਾਂ ਨਾਲ ਠੱਗੀ ਮਾਰਨ ਦੇ ਇਲਜ਼ਾਮ ਹਨ। ਉੱਥੇ ਹੀ ਪੁਲਿਸ ਇਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਇਸ ਮੌਕੇ ਠੱਗੀ ਦੇ ਸ਼ਿਕਾਰ ਹੋਏ ਚੰਦਰ ਮੋਹਨ ਅਤੇ ਬਰਿੰਦਰ ਮੋਹਨ ਨਾਂਅ ਦੇ ਦੋ ਭਰਾਵਾਂ ਨੇ ਦੱਸਿਆ ਕਿ ਕ੍ਰਿਸ਼ਣ ਲਾਲ ਅਤੇ ਉਸਦਾ ਪੁੱਤਰ ਗੌਰਵ ਕੁਮਾਰ ਸ਼ਰਮਾ ਦੋਵੇ ਪ੍ਰਾਪਰਟੀ ਡੀਲਰੀ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਸਾਨੂੰ 32 ਕਨਾਲ ਜ਼ਮੀਨ 52 ਲੱਖ ਵਿੱਚ ਵੇਚਣ ਦਾ ਇਕਰਾਰਨਾਮਾ ਕੀਤਾ ਸੀ। ਜਿਸ ਵਿੱਚ ਉਨ੍ਹਾਂ ਨੇ ਸਾਨੂੰ ਪੰਜਵੇਂ ਮਹੀਨੇ ਦੀ ਤਾਰੀਖ ਦਿੱਤੀ ਸੀ। ਪਰ ਉਨ੍ਹਾਂ ਨੇ ਪੈਸੇ ਲੈਣ ਦੇ ਬਾਵਜੂਦ ਵੀ ਰਜਿਸਟਰੀ ਨਹੀਂ ਕਰਵਾਈ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇਣ ਲੱਗੇ। ਜਿਸ ਦੇ ਕਾਰਨ ਉਨ੍ਹਾਂ ਨੇ ਪੁਲਿਸ ਨੂੰ ਉਨ੍ਹਾਂ ਦੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਦਿੱਤੀ ਤਾਂ ਪੁਲਿਸ ਨੇ ਜਾਂਚ ਤੋਂ ਬਾਅਦ ਦੋਵਾਂ 'ਤੇ ਧਾਰਾ 420 ਅਤੇ 120ਬੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪਰ ਉਨ੍ਹਾਂ ਨੂੰ ਇਨ੍ਹਾਂ ਦੋਵਾਂ ਪਿਓ-ਪੁੱਤ ਤੋਂ ਜਾਨ ਦਾ ਵੀ ਖ਼ਤਰਾ ਬਣਿਆ ਹੋਇਆ ਹੈ। ਇਨ੍ਹਾਂ ਦੋਵਾਂ ਭਰਾਵਾਂ ਨੇ ਦੱਸਿਆ ਕਿ ਕ੍ਰਿਸ਼ਣ ਸ਼ਰਮਾ ਦਾ ਪੁੱਤਰ ਵਕੀਲ ਹੋਣ ਦੇ ਨਾਤੇ ਉਨ੍ਹਾਂ ਨੂੰ ਲਗਾਤਾਰ ਧਮਕਾਉਂਦਾ ਆ ਰਿਹਾ ਹੈ ਕਿ ਉਹ ਜ਼ਮਾਨਤ ਹੋਣ ਦੇ ਬਾਅਦ ਉਹ ਉਨ੍ਹਾਂ ਨੂੰ ਜਾਨੋਂ ਮਾਰ ਦੇਵੇਗਾ। ਜਿਸ ਦੀ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਫਾਜ਼ਿਲਕਾ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ ਅਤੇ ਇਨ੍ਹਾਂ ਦੋਵਾਂ ਪਿਓ-ਪੁੱਤ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਉੱਥੇ ਹੀ ਦੂਜੇ ਪਾਸੇ ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਔਡੀਆਂ ਦੇ ਦੋ ਭਰਾ ਵੀ ਮੀਡੀਆ ਦੇ ਸਾਹਮਣੇ ਆਏ ਹਨ ਜਿਨ੍ਹਾਂ ਨੇ ਦੱਸਿਆ ਕਿ ਕ੍ਰਿਸ਼ਣ ਲਾਲ ਅਤੇ ਉਸਦੇ ਬੇਟੇ ਨੇ ਆਪਣੇ ਕੁੱਝ ਸਾਥੀਆਂ ਦੇ ਨਾਲ ਮਿਲ ਕੇ ਉਨ੍ਹਾਂ ਦੀ ਜ਼ਮੀਨ ਵੀ ਹੜੱਪਨ ਦੀ ਕੋਸ਼ਿਸ਼ ਕੀਤੀ ਹੈ। ਇਹ ਦੋਵੇਂ ਪਿਓ - ਪੁੱਤਰ ਕਾਫ਼ੀ ਸ਼ਾਤਿਰ ਲੋਕ ਹਨ ਜੋ ਲੋਕਾਂ ਉੱਤੇ ਨਜਾਇਜ਼ ਪਰਚੇ ਕਰਵਾਕੇ ਉਨ੍ਹਾਂ ਦੀਆਂ ਜਮੀਨਾਂ ਹੜਪ ਲੈਂਦੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਉੱਥੇ ਹੀ ਇਸ ਮਾਮਲੇ ਬਾਰੇ ਥਾਣਾ ਸਿਟੀ ਫਾਜ਼ਿਲਕਾ ਦੇ ਸਬ ਇੰਸਪੈਕਟਰ ਕ੍ਰਿਸ਼ਣ ਲਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਕ੍ਰਿਸ਼ਣ ਕੁਮਾਰ ਸ਼ਰਮਾ ਅਤੇ ਉਸਦੇ ਪੁੱਤਰ ਗੌਰਵ ਸ਼ਰਮਾ ਨੇ ਚੰਦਰ ਮੋਹਨ ਅਤੇ ਵਰਿੰਦਰ ਮੋਹਣ ਦੋਵੇਂ ਭਰਾਵਾਂ ਤੋਂ ਜ਼ਮੀਨ ਦੇ ਪੈਸੇ ਲੈਣ ਦੇ ਬਾਵਜੂਦ ਵੀ ਰਜਿਸਟਰੀ ਨਹੀਂ ਕਰਵਾਈ ਗਈ। ਜਿਸ ਤੇ ਉਨ੍ਹਾਂ ਵੱਲੋਂ ਕੀਤੀ ਗਈ ਤਫਤੀਸ਼ ਦੇ ਬਾਅਦ ਇਨ੍ਹਾਂ ਦੋਵੇ ਪਿਓ ਪੁੱਤਰ ਉੱਤੇ ਮਾਮਲਾ ਦਰਜ ਕੀਤਾ ਹੈ ਅਤੇ ਜਲਦ ਹੀ ਗਿਰਫਤਾਰ ਕਰਕੇ ਇਨ੍ਹਾਂ ਨੂੰ ਪੇਸ਼ ਅਦਾਲਤ ਕੀਤਾ ਜਾਏਗਾ।