ਜਗਦੀਸ਼ ਥਿੰਦ
ਫਾਜ਼ਿਲਕਾ, 24 ਅਗਸਤ
ਪੰਜਾਬ ਅੰਦਰ ਬਣੀ ਹੜ੍ਹਾਂ ਦੀ ਸਥਿਤੀ ਨੇ ਜਿੱਥੇ ਹੜ੍ਹ ਦੇ ਪਾਣੀ ਨੇ ਭਾਰੀ ਨੁਕਸਾਨ ਕੀਤਾ ਹੈ ਉੱਥੇ ਪੰਜਾਬ ਦਾ ਉਹ ਵੀ ਇੱਕ ਹਿੱਸਾ ਹੈ ਜੋ ਕੇ ਨਹਿਰੀ ਪਾਣੀ ਨੂੰ ਖੇਤਾਂ ਦੀ ਸਿੰਚਾਈ ਦੇ ਨਾਲ - ਨਾਲ ਪੀਣ ਲਈ ਵੀ ਵਰਤੋਂ ਵਿੱਚ ਲਿਆਉਂਦਾ ਹੈ ।
ਦੁਨੀਆਂ ਦੇ ਮਾਨ ਚਿੱਤਰ ਉੱਪਰ ਬਾਗਵਾਨੀ ਖੇਤਰ ਵਿੱਚ ਆਪਣਾ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾਉਣ ਵਾਲਾ ਜ਼ਿਲ੍ਹਾ ਫ਼ਾਜ਼ਿਲਕਾ ਦੇ ਬਾਗ਼ਬਾਨ ਵੀ ਨਹਿਰੀ ਪਾਣੀ ਦੀ ਵਰਤੋਂ ਕਰਦੇ ਹਨ ।
ਜ਼ਿਲ੍ਹਾ ਫਿਰੋਜ਼ਪੁਰ ,ਫਾਜ਼ਿਲਕਾ ,ਮੁਕਤਸਰ ਅਤੇ ਰਾਜਸਥਾਨ ਨੂੰ ਨਹਿਰੀ ਪਾਣੀ ਸਪਲਾਈ ਕਰਦੀਆਂ ਨਹਿਰਾਂ ਬੰਦ ਕਰ ਦਿੱਤੀਆਂ ਗਈਆਂ ਸਨ ।
ਜਿ਼ਲ੍ਹਾ ਫਾਜ਼ਿਲਕਾ ਦੀਆਂ ਨਹਿਰਾਂ ਜਿੰਨਾਂ ਵਿਚ ਹਰੀਕੇ ਹੈਡ ਵਰਕਸ ਤੋਂ ਪਾਣੀ ਆਉਂਦਾ ਹੈ ਵਿਚ ਪਾਣੀ ਦੀ ਸਪਲਾਈ 2 ਦਿਨਾਂ ਵਿਚ ਬਹਾਲ ਹੋ ਜਾਵੇਗੀ। ਸਿੰਚਾਈ ਵਿਭਾਗ ਦੇ ਬੁਲਾਰੇ ਨੇ ਇਸ ਵੇਲੇ ਕੀਤੀ ਬੰਦੀ ਦਾ ਕਾਰਨ ਸਪੱਸ਼ਟ ਕਰਦਿਆਂ ਦੱਸਿਆ ਹੈ ਕਿ ਸਤਲੁਜ ਨਦੀ ਵਿਚ ਆਏ ਹੜ ਕਾਰਨ ਹਰੀਕੇ ਤੋਂ ਉਪਰ ਪਾਣੀ ਨਦੀ ਦੇ ਕਿਨਾਰਿਆਂ ਤੋਂ ਬਾਹਰ ਆ ਗਿਆ ਸੀ ਅਤੇ ਉਥੇ ਨੁਕਸਾਨ ਕਰ ਰਿਹਾ ਸੀ।
ਇਸ ਦਾ ਹੱਲ ਇਹ ਹੋ ਸਕਦਾ ਸੀ ਕਿ ਹਰੀਕੇ ਤੋਂ ਸਤਲੁਜ ਵਿਚ ਅੱਗੇ ਪਾਣੀ ਛੱਡਿਆ ਜਾਵੇ ਤਾਂ ਜੋ ਕੁਦਰਤੀ ਵਹਾਅ ਨਾਲ ਸਤਲੁਜ ਦੇ ਕਿਨਾਰਿਆਂ ਤੋਂ ਉੱਛਲਿਆਂ ਪਾਣੀ ਨਦੀ ਖੇਤਰ ਵਿਚ ਆ ਜਾਵੇ ਅਤੇ ਹੜ੍ਹਾਂ ਦਾ ਕਾਰਨ ਨਾ ਬਣੇ। ਪਰ ਜਦ ਹਰੀਕੇ ਤੋਂ ਸਤਲੁਜ ਵਿਚ ਪਾਣੀ ਛੱਡਿਆ ਜਾਂਦਾ ਹੈ ਕਿ ਹਰੀਕੇ ਹੈਡ ਵਰਕਸ ਤੋਂ ਨਿਕਲਦੀਆਂ ਨਹਿਰਾਂ ਵਿਚ ਕੁਦਰਤੀ ਵਹਾਅ ਨਾਲ ਪਾਣੀ ਪੈਣਾ ਬੰਦ ਹੋ ਜਾਂਦਾ ਹੈ।
ਬੁਲਾਰੇ ਅਨੁਸਾਰ 21 ਅਗਸਤ ਨੂੰ ਹਰੀਕੇ ਹੈਡ ਵਰਕਸ ਦਾ ਪੌਂਡ ਲੈਵਲ ਵਧਾ ਕੇ ਨਹਿਰਾਂ ਵਿਚ ਪਾਣੀ ਛੱਡਿਆ ਗਿਆ ਸੀ ਪਰ ਇਸ ਨਾਲ ਦੁਬਾਰਾ ਤੋਂ ਹਰੀਕੇ ਤੋਂ ਉਪਰਲੇ ਖੇਤਰਾਂ ਵਿਚ ਹੜ੍ਹਾਂ ਵਾਲੇ ਹਾਲਾਤ ਪੈਦਾ ਹੋ ਗਏ ਸਨ। ਇਸ ਲਈ ਦੁਬਾਰਾ ਥੱਲੇ ਸਤਲੁਜ ਪਾਣੀ ਛੱਡਣਾ ਪਿਆ ਹੈ। ਜਿਸ ਕਾਰਨ ਨਹਿਰਾਂ ਵਿਚ ਪਾਣੀ ਨਹੀਂ ਆ ਰਿਹਾ। ਉਨ੍ਹਾਂ ਨੇ ਕਿਹਾ ਕਿ ਹੋਰ 24 ਤੋਂ 36 ਘੰਟਿਆਂ ਵਿਚ ਸਤਲੁਜ ਦੇ ਹੜ੍ਹਾਂ ਨਿਯੰਤਰਣ ਵਿਚ ਹੋਣ ਤੇ ਹਰੀਕੇ ਤੋਂ ਨਦੀ ਵਿਚ ਵਹਾਅ ਬੰਦ ਕਰਕੇ ਇਹ ਪਾਣੀ ਹਰੀਕੇ ਤੋਂ ਨਿਕਲਦੀਆਂ ਨਹਿਰਾਂ ਜੋ ਕਿ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਫਾਜ਼ਿਲਕਾ ਜਿ਼ਲ੍ਹਿਆ ਵਿਚ ਸਿੰਚਾਈ ਲਈ ਪਾਣੀ ਭੇਜਦੀਆਂ ਹਨ ਵਿਚ ਪਾਣੀ ਛੱਡ ਦਿੱਤਾ ਜਾਵੇਗਾ।