ਨਵਦੀਪ ਸਿੰਘ ਗਿੱਲ -ਖੇਡ ਮੈਦਾਨ ਤੋਂ
ਨਵੀਂ ਦਿੱਲੀ, 25 ਅਗਸਤ 2019 - ਸਵਿਟਜਰਲੈਂਡ ਦੇ ਬਾਸੇਲ ਵਿੱਚ ਉਸ ਵੇਲੇ ਭਾਰਤੀ ਬੈਡਮਿੰਟਨ ਦਾ ਇਤਿਹਾਸ ਰਚਿਆ ਗਿਆ ਜਦੋਂ ਹੈਦਰਾਬਾਦ ਦੀ 24 ਵਰ੍ਹਿਆ ਦੀ ਪੀ ਵੀ ਸਿੰਧੂ ਵਿਸ਼ਵ ਚੈਂਪੀਅਨ ਬਣਨ ਵਾਲੀ ਭਾਰਤੀ ਬੈਡਮਿੰਟਨ ਖਿਡਾਰਨ ਬਣੀ। 30 ਮਿੰਟ ਤੋਂ ਵੀ ਘੱਟ ਚੱਲੇ ਇਕਪਾਸੜ ਫ਼ਾਈਨਲ ਵਿੱਚ ਸਿੰਧੂ ਨੇ ਜਪਾਨ ਦੀ ਨੋਜੋਮੀ ਓਕੋਹਾਰਾ ਨੂੰ 21-7 ਤੇ 21-7 ਨਾਲ ਹਰਾ ਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ।
ਤਿੰਨ ਸਾਲ ਪਹਿਲਾ ਸਿੰਧੂ ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣੀ ਸੀ।2016 ਦੀਆਂ ਰੀਓ ਓਲੰਪਿਕ ਖੇਡਾਂ ਵਿੱਚ ਸਿੰਧੂ ਦੇ ਚਾਂਦੀ ਨਸ਼ੇ ਤਮਗੇ ਤੋਂ ਪਹਿਲਾ ਬੈਡਮਿੰਟਨ ਵਿੱਚ ਸਾਇਨਾ ਨੇਹਵਾਲ ਨੇ 2012 ਦੀਆਂ ਲੰਡਨ ਓਲ਼ੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ।
ਵਿਸ਼ਵ ਚੈਂਪੀਅਨਸ਼ਿਪ ਵਿੱਚ ਸਿੰਧੂ ਨੇ ਅੱਜ ਆਪਣਾ ਤੀਜਾ ਫਾਈਨਲ ਖੇਡਿਆਂ ਜਦੋਂ ਕਿ ਜਿੱਤ ਦਾ ਸਵਾਦ ਪਹਿਲੀ ਵਾਰ ਚਖਿਆ।ਉਂਝ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਹ ਉਸ ਦਾ ਪੰਜਵਾਂ ਤਮਗਾ ਹੈ। 2013 ਤੇ 2014 ਵਿੱਚ ਉਸ ਨੇ ਕਾਂਸੀ ਦਾ ਤਮਗਾ ਅਤੇ 2017 ਤੇ 2018 ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ। ਕੌਮਾਂਤਰੀ ਪੱਧਰ ਉਤੇ ਸਿੰਧੂ ਦੀਆਂ ਜਿੱਤਾਂ ਦੀ ਸੂਚੀ ਲੰਬੀ ਹੈ। ਉਹ ਹੁਣ ਤੱਕ ਬੈਡਮਿੰਟਨ ਦੇ ਸਭ ਤੋਂ ਵੱਕਾਰੀ ਟੂਰਨਾਮੈਂਟ ਉਬੇਰ ਕੱਪ ਵਿੱਚ ਦੋ ਕਾਂਸੀ ਦੇ ਤਮਗੇ, ਏਸ਼ਿਆਈ ਖੇਡਾਂ ਵਿੱਚ ਇਕ ਚਾਂਦੀ ਤੇ ਕਾਂਸੀ ਦਾ ਤਮਗਾ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਇਕ-ਇਕ ਸੋਨੇ, ਚਾਂਦੀ ਤੇ ਕਾਂਸੀ ਦਾ ਤਮਗਾ ਜਿੱਤ ਚੁੱਕੀ ਹੈ।
ਸਿੰਧੂ ਦੀਆਂ ਖੇਡ ਪ੍ਰਾਪਤੀਆਂ ਸਦਕਾ ਉਸ ਨੂੰ 2016 ਵਿੱਚ ਭਾਰਤ ਦਾ ਚੌਥਾ ਸਰਵਉੱਚ ਨਾਗਰਿਕ ਸਨਮਾਨ ਪਦਮ ਸ੍ਰੀ, 2015 ਵਿੱਚ ਸਰਵੋਤਮ ਖੇਡ ਪੁਰਸਕਾਰ ਰਾਜੀਵ ਗਾਂਧੀ ਖੇਲ ਰਤਨ ਅਤੇ 2013 ਵਿੱਚ ਅਰਜੁਨਾ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਨਵਦੀਪ ਸਿੰਘ ਗਿੱਲ