ਲੁਧਿਆਣਾ, 25 ਅਗਸਤ 2019 - ਸਤਲੁਜ ਦਰਿਆ ਦੇ ਪਰਲੇ ਪਾਸੇ ਪਰ ਜ਼ਿਲ੍ਹਾ ਲੁਧਿਆਣ ਦੀ ਹਦੂਦ ਅੰਦਰ ਪੈਂਦੇ ਪਿੰਡ ਭੋਲੇਵਾਲ ਕਦੀਮ ਕੋਲ ਪਏ 170 ਫੁੱਟ ਤੋਂ ਵੱਡੇ ਪਾੜ ਨੂੰ ਪੂਰਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਹੁਣ ਇਸ ਦੀ ਮਜ਼ਬੂਤੀ ਅਤੇ ਸੁਰੱਖਿਆ ਦਾ ਕੰਮ ਜਾਰੀ ਰੱਖਿਆ ਜਾਵੇਗਾ, ਜਿਸ ਲਈ ਐੱਸ. ਡੀ. ਐੱਮ. ਲੁਧਿਆਣਾ (ਪੱਛਮੀ) ਅਮਰਿੰਦਰ ਸਿੰਘ ਮੱਲ੍ਹੀ ਅਤੇ ਡਰੇਨੇਜ ਵਿਭਾਗ ਦੇ ਨਿਗਰਾਨ ਇੰਜੀਨੀਅਰ ਰੁਪਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਬਕਾਇਦਾ ਅਧਿਕਾਰੀਆਂ ਦੀਆਂ ਡਿਊਟੀਆਂ ਰੋਸਟਰ ਬਣਾ ਕੇ ਲਗਾ ਦਿੱਤੀਆਂ ਗਈਆਂ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪਿੰਡ ਭੋਲੇਵਾਲ ਕਦੀਮ ਵਿੱਚ 19 ਅਗਸਤ ਨੂੰ ਪਾੜ ਪੈਣ ਦਾ ਪਤਾ ਲੱਗਾ ਸੀ, ਜਿਸ ਨੂੰ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਪੂਰਨ ਦਾ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਸੀ। ਇਹ ਪਾੜ 170 ਫੁੱਟ ਤੋਂ ਜਿਆਦਾ ਚੌੜਾ ਸੀ, ਜਦਕਿ ਇਸ ਦੀ ਡੂੰਘਾਈ 45 ਫੁੱਟ ਤੋਂ ਵਧੇਰੇ ਸੀ। ਇਸ ਪਾੜ ਨੂੰ ਪੂਰਨ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸ਼ੁਰੂ ਕੀਤੇ ਗਏ ਉਪਰਾਲਿਆਂ ਵਿੱਚ ਸਥਾਨਕ ਲੋਕਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਬਹੁਤ ਯੋਗਦਾਨ ਦਿੱਤਾ। ਅਗਰਵਾਲ ਨੇ ਦੱਸਿਆ ਕਿ ਭਾਵੇਂ ਕਿ ਇਹ ਬੰਨ੍ਹ ਪੂਰ ਦਿੱਤਾ ਗਿਆ ਹੈ ਅਤੇ ਹੁਣ ਖ਼ਤਰੇ ਦਾ ਕੋਈ ਖਦਸ਼ਾ ਨਹੀਂ ਪਰ ਫਿਰ ਵੀ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਇਸ ਦੀ ਹੋਰ ਮਜ਼ਬੂਤੀ ਕਰਨ ਅਤੇ 24 ਘੰਟੇ ਸੁਰੱਖਿਆ ਦਾ ਕੰਮ ਜਾਰੀ ਰੱਖਿਆ ਜਾਵੇਗਾ, ਜਿਸ ਲਈ ਅਧਿਕਾਰੀਆਂ ਦੀਆਂ 24 ਘੰਟੇ ਦੀਆਂ ਡਿਊਟੀਆਂ ਰੋਸਟਰ ਬਣਾ ਕੇ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਬੰਨ੍ਹ ਦੇ ਟੁੱਟਣ ਨਾਲ ਨਾਲ ਲੱਗਦੇ ਪਿੰਡ ਆਹਲੋਵਾਲ, ਸ਼ਨੀ ਗਾਂਓ, ਨਵਾਂ ਖਹਿਰਾ ਆਦਿ ਪਿੰਡ ਪ੍ਰਭਾਵਿਤ ਹੋਏ ਸਨ, ਜਿੱਥੇ ਕਿ ਪ੍ਰਸਾਸ਼ਨ ਵੱਲੋਂ ਲਗਾਤਾਰ ਰਾਹਤ ਪ੍ਰਬੰਧ ਜਾਰੀ ਹਨ। ਲੋਕਾਂ ਨੂੰ ਰਾਸ਼ਨ, ਦਵਾਈਆਂ, ਪਸ਼ੂਆਂ ਲਈ ਚਾਰਾ ਅਤੇ ਮੈਡੀਕਲ ਸਹਾਇਤਾ ਅਤੇ ਲਗਾਤਾਰ ਮੁਹੱਈਆ ਕਰਵਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਪਾੜ ਨੂੰ ਪੂਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਗਈ। ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਪਾਣੀ ਵਸੀਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਖੁਰਾਕ ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ, ਵਿਧਾਇਕ ਸੰਜੇ ਤਲਵਾੜ ਅਤੇ ਹੋਰ ਕਈ ਸਖ਼ਸ਼ੀਅਤਾਂ ਅਤੇ ਅਧਿਕਾਰੀਆਂ ਨੇ ਕਈ ਵਾਰ ਹੱਲਾਸ਼ੇਰੀ ਦੇਣ ਲਈ ਚੱਕਰ ਲਗਾਏ।
ਅਗਰਵਾਲ ਨੇ ਕਿਹਾ ਕਿ ਇਸ ਤੋਂ ਇਲਾਵਾ ਮੱਤੇਵਾੜਾ ਜੰਗਲਾਤ ਖੇਤਰ ਵਿੱਚ ਪੈਂਦੇ ਪਿੰਡ ਗੜ੍ਹੀ ਫਾਜ਼ਲ ਵਿੱਚ ਵੀ 70 ਫੁੱਟ ਤੋਂ ਵਧੇਰੇ ਦਾ ਪਾੜ ਪੈਣ ਲੱਗਾ ਸੀ, ਜਿਸ ਨੂੰ ਜ਼ਿਲ੍ਹਾ ਪ੍ਰਸਾਸ਼ਨ ਨੇ ਸਮਾਂ ਰਹਿੰਦੇ ਟੁੱਟਣ ਤੋਂ ਬਚਾਅ ਲਿਆ। ਇੱਥੇ ਵੀ ਸਥਾਨਕ ਲੋਕਾਂ, ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਅਤੇ ਹੋਰ ਕਈ ਜਥੇਬੰਦੀਆਂ ਦੀ ਸਹਾਇਤਾ ਨਾਲ ਪਾੜ ਨੂੰ ਪੂਰਨ ਦਾ ਕੰਮ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਲਰਟ ਜਾਰੀ ਰਹੇਗਾ, ਉਦੋਂ ਤੱਕ ਇਨ੍ਹਾਂ ਬੰਨ੍ਹਾਂ ਤੋਂ ਇਲਾਵਾ ਧੁੱਲੇਵਾਲ, ਈਸਾਪੁਰ, ਸ਼ੇਰਗੜ੍ਹ, ਮੱਤੇਵਾੜਾ, ਜਮਾਲਪੁਰ ਲੇਲੀ, ਸੀਡ ਫਾਰਮ, ਖਹਿਰਾ ਬੇਟ, ਮਧੇਪੁਰ ਅਤੇ ਮਾਣੇਵਾਲ ਦੀ ਸੁਰੱਖਿਆ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾਵੇਗਾ।