ਜਗਜੀਤ ਸਿੰਘ ਪੰਜੋਲੀ
ਚੰਡੀਗੜ੍ਹ, 24 ਅਗਸਤ 2019 - ਪੰਜਾਬ ਚ ਹੜ੍ਹ ਪੀੜਤਾਂ ਦੀ ਮਦਦ ਲਈ ਜਿਥੇ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਵੱਧ-ਚੜ੍ਹ ਕੇ ਹਿੱਸਾ ਪਾ ਰਹੀਆਂ ਹਨ ਉਥੇ ਹੁਣ ਫਿਲਮੀ ਸਿਤਾਰਿਆਂ ਨੇ ਵੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਹੈ। ਪ੍ਰਸਿੱਧ ਪੰਜਾਬੀ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਵਲੋਂ ਬੀਤੀ ਰਾਤ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖਾਲਸਾ ਏਡ ਦੇ ਕੰਮਾਂ ਤੋਂ ਪ੍ਰਭਾਵਿਤ ਹੁੰਦਿਆਂ ਉਨ੍ਹਾਂ ਨੂੰ 7 ਲੱਖ ਰੁਪਏ ਦੀ ਮਦਦ ਦਿੱਤੀ ਗਈ ਹੈ। ਖਾਲਸਾ ਏਡ ਦੇ ਏਸ਼ੀਆ ਪੈਸਿਫਿਕ ਦੇ ਮੈਨੇਜਿੰਗ ਡਾਇਰੈਕਟਰ ਅਮਰਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਟੀਮ ਨੂੰ ਗਿੱਪੀ ਗਰੇਵਾਲ ਵਲੋਂ ਖੁਦ ਸੰਪਰਕ ਕੀਤਾ ਗਿਆ ਸੀ ਤੇ ਅੱਜ ਚੰਡੀਗੜ੍ਹ ਵਿਖੇ ਹੋਟਲ ਤਾਜ ਵਿੱਚ ਫਿਲਮ 'ਅਰਦਾਸ ਕਰਾਂ' ਦੀ ਸਫਲਤਾ ਦੀ ਪਾਰਟੀ 'ਚ ਬੁਲਾ ਕੇ (ਸਮੁੱਚੀ ਸਟਾਰ ਕਾਸਟ ਦੀ ਹਾਜ਼ਰੀ ਵਿੱਚ) ਵਿਸ਼ੇਸ਼ ਤੌਰ ਤੇ ਹੜ੍ਹ ਪੀੜਤਾਂ ਦੀ ਮਦਦ ਲਈ 7 ਲੱਖ ਦਾ ਚੈੱਕ ਭੇਂਟ ਕੀਤਾ।
ਇਸ ਮੌਕੇ ਅਮਰਪ੍ਰੀਤ ਦੇ ਨਾਲ ਉਨ੍ਹਾਂ ਦੇ ਟੀਮ ਮੈਂਬਰ ਗੁਰਪ੍ਰੀਤ ਸਿੰਘ, ਦਮਨਜੀਤ ਸਿੰਘ, ਪ੍ਰਵਾਸੀ ਪੰਜਾਬੀ ਤੇ ਸਮਾਜ ਸੇਵੀ ਸੁੱਖੀ ਬਾਠ ਤੇ ਜਗ ਬਾਣੀ ਪੱਤਰਕਾਰ ਰਮਨਦੀਪ ਸੋਢੀ,ਅੰਮ੍ਰਿਤਪਾਲ ਸਿੰਘ ਮਾਨ, ਦਵਿੰਦਰ ਸਿੰਘ, ਜਗਜੀਤ ਸਿੰਘ ਪੰਜੋਲੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।ਇਸ ਦੇ ਨਾਲ ਹੀ ਦੱਸਣਯੋਗ ਹੈ ਕਿ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਜੀ ਅਤੇ ਸੁੱਖੀ ਬਾਠ ਫਾਊਂਡੇਸ਼ਨ ਵੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਹੋਰਾਂ ਨਾਲ ਰਲ ਕੇ ਨਿਰੰਤਰ ਹਰ ਪੀੜਤਾਂ ਦੀ ਮਦਦ ਵਿਚ ਜੁਟੇ ਹੋਏ ਹਨ।ਸ੍ਰੀ ਸੁੱਖੀ ਬਾਠ ਨੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ, ਤੇ ਵੱਖੋ ਵੱਖਰੇ ਖੇਤਰ ਦੇ ਨੁਮਾਇੰਦਿਆਂ ਨੂੰ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਅਪੀਲ ਕੀਤੀ।
ਇਸ ਮੌਕੇ ਫਿਲਮ ਅਰਦਾਸ ਕਰਾਂ ਦੀ ਸਟਾਰ ਕਾਸਟ ਗੁਰਪ੍ਰੀਤ ਘੁੱਗੀ, ਗਿੱਪੀ ਗਰੇਵਾਲ, ਯੋਗਰਾਜ ਸਿੰਘ, ਸਰਦਾਰ ਸੋਹੀ, ਜਪੁਜੀ ਖਹਿਰਾ, ਰਾਣਾ ਰਣਬੀਰ, ਸਰਦਾਰ ਸੋਹੀ, ਰੌਸ਼ਨ ਪ੍ਰਿੰਸ, ਬੱਬਲ ਰਾਏ, ਮਲਕੀਤ ਰੌਣੀ, ਰਘਬੀਰ ਬੋਲੀ ਆਦਿ ਸਿਤਾਰੇ ਹਾਜ਼ਰ ਸਨ।