ਬਲਜੀਤ ਬੱਲੀ
ਵੱਡਿਆਂ ਨੂੰ ਵੀ ਨਿੱਘਾ ਸੱਦਾ ਪਰ ਛੋਟੀ ਤੇ ਦਰਮਿਆਨੀ ਇੰਡਸਟਰੀ ਨੂੰ ਹੁਲਾਰਾ ਦੇਣਾ ਮੁੱਖ ਉਦੇਸ਼ ਹੋਵੇਗਾ 'ਇਨਵੈਸਟ ਪੰਜਾਬ ' ਦਾ
5-6 ਦਸੰਬਰ ਨੂੰ ਮੁਹਾਲੀ 'ਚ ਹੋਵੇਗੀ 'ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ '
ਵੱਡੇ ਬਿਜ਼ਨੈੱਸ ਇੰਡਸਟਰੀਅਲ ਅਦਾਰਿਆਂ ਲਈ 'ਜੀ ਆਇਆਂ ਨੂੰ '
ਪਰ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਐਸ ਐਮ ਐਸ ਈਜ਼ ਨੂੰ ਪੈਰਾਂ ਸਿਰ ਖੜ੍ਹੇ ਕਰਨਾ ਜ਼ਰੂਰੀ
ਪੰਜਾਬ 'ਚ ਰੁਜ਼ਗਾਰ ਦਾ ਸਭ ਤੋਂ ਵੱਡਾ ਸਾਧਨ ਰਹੇ ਹਨ ਐਸ ਐਮ ਈਜ਼
5000 ਸੱਦਾ ਪੱਤਰ ਭੇਜੇ ਜਾਣਗੇ - ਦੇਸ਼ -ਵਿਦੇਸ਼ 'ਚੋ 3000 ਡੈਲੀਗੇਟਾਂ ਦੀ ਸ਼ਮੂਲੀਅਤੇ ਦੀ ਹੈ ਉਮੀਦ
ਪਰਦੇਸੀ ਭਾਰਤੀਆਂ ( ਐਨ ਆਰ ਆਈਜ਼ ) ਨੂੰ ਵੀ ਭੇਜੇ ਜਾਣਗੇ ਉਚੇਚੇ ਸੱਦੇ
ਪੰਜਾਬ ਦੀ ਛੋਟੀ , ਦਰਮਿਆਨੀ ਤੇ ਘਰੇਲੂ ਇੰਡਸਟਰੀ ਦਾ ਸ਼ੋਅ ਕੇਸ ਕਰਨ ਤੇ ਹੋਵੇਗਾ ਜ਼ੋਰ
ਪੰਜਾਬ 'ਚ ਹੋ ਰਹੀ ਇੰਡਸਟਰੀ ਪੈਦਾਵਾਰ ਲਈ ਟਰੇਡ ਲਿੰਕ ਬਣਾਉਣ ਤੇ ਹੋਵੇਗਾ ਫੋਕਸ
ਪੰਜਾਬ 'ਚ ਤਿਆਰ ਕੀਤੇ ਜਾਣ ਪੈਦਾ ਹੋ ਰਹੇ ਪ੍ਰੋਡਕਟ ਦੁਨੀਆ ਕਿਥੇ -ਕਿਥੇ ਹੈ ਗਲੋਬਲ ਪਹੁੰਚ -ਇਸ ਲਈ ਉਚੇਚੀ ਹੋਵੇਗੀ ਪ੍ਰਦਰਸ਼ਨੀ
ਸਟਾਰਟ ਅੱਪ ਉੱਦਮੀਆਂ ਲਈ ਵਿਸ਼ੇਸ਼ ਹੋਵੇਗਾ ਸੈਸ਼ਨ , ਸਹੂਲਤਾਂ -ਰਿਆਇਤਾਂ ਤੇ ਹੋਵੇਗੀ ਵਿਚਾਰ -ਚਰਚਾ
ਗੋਸ਼ਟੀਆਂ ,ਤਕਨੀਕੀ ਸੈਸ਼ਨ , ਵਨ ਟੂ ਵਨ ਮੀਟਿੰਗਾਂ , ਰੋਡ ਸ਼ੋਅ ਅਤੇ ਡਿਜੀਟਲ ਆਦਾਨ-ਪ੍ਰਦਾਨ ਦੀ ਹੋਵੇਗੀ ਕੋਸ਼ਿਸ਼
28 -29 ਅਗਸਤ ਨੂੰ ਬੰਗਲੌਰ ਜਾਣਗੇ ਕੈਪਟਨ ਅਮਰਿੰਦਰ ਸਿੰਘ, ਫਲਿੱਪ ਕਾਰਟ ਚੀਫ਼ ਸਮੇਤ ਵੱਡੇ ਕਾਰੋਬਾਰੀਆਂ ਅਤੇ ਸਨਅਤਕਾਰਾਂ ਕਰਨਗੇ ਸਿੱਧੀ ਮੀਟਿੰਗ
5 ਸਤੰਬਰ ਨੂੰ ਦਿੱਲੀ 'ਚ ਵੱਖ ਵੱਖ ਮੁਲਕਾਂ ਦੇ ਰਾਜ ਦੂਤਾਂ ਨਾਲ ਅਮਰਿੰਦਰ ਸਿੰਘ ਕਰਨਗੇ ਨਿੱਜੀ ਮਿਲਣੀ
ਪੰਜਾਬ ਇੰਡਸਟਰੀ ਤੇ ਕਾਰੋਬਾਰ ਤੇ ਮੁਲਕ ਤੇ ਛਾਈ ਮੰਦੀ ਦੀ ਮਾਰ , ਫਿਰ ਵੀ ਆਸ ਦੀ ਕਿਰਨ ਬਾਕੀ
ਪੰਜਾਬ ਇੰਡਸਟਰੀ 'ਚ ਬਿਜਲੀ ਦੀ ਵਰਤੋਂ 'ਚ ਔਸਤਨ ਹੋਇਆ 25 ਫ਼ੀ ਸਦੀ ਵਾਧਾ ਸ਼ੁੱਭ -ਸੰਕੇਤ
'ਇਨਵੈਸਟਰਜ਼ ਪੰਜਾਬ ਮੀਟ ਦੌਰਾਨ ਐਸ ਐਮ ਈਜ਼ ਨੂੰ ਹੋਰ ਸਹੂਲਤਾਂ / ਰਿਆਇਤਾਂ ਦੇਣ ਤੇ ਹੋ ਰਹੀ ਹੈ ਵਿਚਾਰ
ਚੰਡੀਗੜ੍ਹ , 26 ਅਗਸਤ , 2019 : ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਇਸ ਵਰ੍ਹੇ ਦਸੰਬਰ 'ਚ ਕਰਾਈ ਜਾ ਰਹੀ 'ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ ' ਦਾ ਮੁੱਖ ਫੋਕਸ ਪੰਜਾਬ ਦੀ ਛੋਟੀ , ਦਰਮਿਆਨੀ ਤੇ ਘਰੇਲੂ ਇੰਡਸਟਰੀ (ਐਸ ਐਮ ਐਸ ਈਜ਼ ) ਨੂੰ ਹੁਲਾਰਾ ਦੇਣਾ ਹੋਵੇਗਾ . ਖੇਤੀ ਤੋਂ ਬਾਅਦ ਪੰਜਾਬ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਸਮਝੇ ਜਾਂਦੇ ਇਸ ਖੇਤਰ ਨੂੰ ਆਪਣੇ ਪੈਰਾਂ ਸਿਰ ਖੜ੍ਹੇ ਹੋਣ ਲਈ , ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਅਤੇ ਅਜੋਕੇ ਡਿਜੀਟਲ ਯੁੱਗ ਦੇ ਹਾਣੀ ਬਣਾ ਕੇ ਸੂਬੇ ਦੇ ਵਿਕਾਸ ਵਿਚ ਹੋਰ ਵੱਧ ਹਿੱਸੇ ਦਾਰ ਬਣਾਉਣਾ, ਇਸ ਕਾਨਫ਼ਰੰਸ ਦਾ ਇਕ ਅਹਿਮ ਟੀਚਾ ਹੋਵੇਗਾ।
ਫਾਈਲ ਫੋਟੋ
ਇਨਵੈਸਟ ਪੰਜਾਬ ਦੇ ਸੀ ਈ ਓ ਰਜਤ ਅਗਰਵਾਲ ਦਾ ਕਹਿਣਾ ਸੀ ਕੈਪਟਨ ਅਮਰਿੰਦਰ ਸਰਕਾਰ ਦੀ ਇਹ ਪਹੁੰਚ ਹੈ ਕਿ ਪੰਜਾਬ ਨੂੰ ਵੱਡੀ ਅਤੇ ਆਧੁਨਿਕ ਇੰਡਸਟਰੀ ਦੀ ਵੀ ਬਹੁਤ ਲੋੜ ਹੈ , ਵੱਡੇ ਇੰਡਸਟ੍ਰੀਅਲ ਅਤੇ ਕਾਰਪੋਰੇਟ ਅਦਾਰਿਆਂ ਨੂੰ ਸਰਕਾਰ ਦਿਲੋਂ 'ਜੀ ਆਇਆਂ ਨੂੰ ' ਕਹਿਕੇ ਇਨ੍ਹਾਂ ਦਾ ਸਵਾਗਤ ਕਰੇਗੀ , ਲੋੜੀਂਦੀਆਂ ਸਹੂਲਤਾਂ ਵੀ ਦੇਵੇਗੀ ਪਰ ਪੰਜਾਬ ਛੋਟੀ , ਦਰਮਿਆਨੀ ਤੇ ਘਰੇਲੂ ਇੰਡਸਟਰੀ ਦੀ ਬਾਂਹ ਫੜਨੀ ਅਤੇ ਇਸ ਨੂੰ ਗਲੋਬਲ ਮਾਰਕੀਟ ਨਾਲ ਜੋੜਨਾ ਜ਼ਰੂਰੀ ਹੈ . ਸਗੋਂ ਇਹ ਕੋਸ਼ਿਸ਼ ਹੋਵੇਗੀ ਕਿ ਪੰਜਾਬ ਦੇ ਇਸ ਖੇਤਰ ਵਿਚ ਹੋ ਰਹੀ ਸਨਅਤੀ ਪੈਦਾਵਾਰ ਤੇ ਵਸਤਾਂ ਦੀ ਵਿੱਕਰੀ ਲਈ ਗਲੋਬਲ ਮਾਰਕੀਟ ਨਾਲ ਇਸ ਦੇ ਟਰੇਡ ਲਿੰਕ ਹੋਰ ਬਿਹਤਰ ਕਿਵੇਂ ਬਣਾਏ ਜਾਣ।
ਰਜਤ ਅੱਗਰਵਾਲ ਦਾ ਕਹਿਣਾ ਸੀ ਮੁਹਾਲੀ' ਚ 5 ਅਤੇ 6 ਦਸੰਬਰ ਨੂੰ ਕੀਤੀ ਜਾ ਰਹੀ ਇਸ ਸਮਿੱਟ ਦੌਰਾਨ ਲਾਈ ਜਾ ਰਹੀ ਨੁਮਾਇਸ਼ ਵਿਚ ਉਨ੍ਹਾਂ ਅਦਾਰਿਆਂ ਅਤੇ ਵਸਤਾਂ ਨੂੰ ਪੇਸ਼ ਕੀਤੇ ਜਾਣ ਤੇ ਉਚੇਚਾ ਜ਼ੋਰ ਹੋਵੇਗਾ ਜੋ ਕਿ ਪਹਿਲਾਂ ਹੀ ਗਲੋਬਲ ਇੰਡਸਟਰੀ ਅਤੇ ਕਾਰਪੋਰੇਟ ਮਾਰਕੀਟ ਲੋੜ ਪੂਰੀ ਕਰ ਰਹੇ ਹਨ . ਮਿਸਾਲ ਦੇ ਤੌਰ ਤੇ ਪੰਜਾਬ ਵਿਚ ਤਿਆਰ ਕੀਤਾ ਸਟੇਨਲੈੱਸ ਸਟੀਲ , ਦੁਨੀਆ ਨਾਮਵਰ ਕੰਪਨੀ ਟੀਸਲਾ ਆਪਣੀਆਂ ਕਾਰਾਂ 'ਚ ਵਰਤ ਰਹੀ ਹੈ. ਪੰਜਾਬ 'ਚ ਟ੍ਰਾਈਡੈਂਟ ਗਰੁੱਪ ਵੱਲੋਂ ਤਿਆਰ ਕੀਤੇ ਟਾਵਲ ਪਹਿਲਾਂ ਹੀ ਦੁਨੀਆਂ ਭਰ 'ਚ ਵਾਲਮਾਰਟ ਰਾਹੀਂ ਵਿਕ ਰਹੇ ਸਨ ਹੁਣ ਇਸ ਕੰਪਨੀ ਦੇ ਪ੍ਰੋਡਕਟ ਅਮੇਜ਼ੋਨ ਨੇ ਗਲੋਬਲ ਮਾਰਕੀਟ'ਚ ਵੇਚਣੇ ਸ਼ੁਰੂ ਕੀਤੇ ਹਨ . ਇਸੇ ਤਰ੍ਹਾਂ ਹੀ ਸੰਸਾਰ ਭਰ 'ਚ ਭੇਜੇ ਜਾ ਰਹੇ ਹੋਰ ਕਈ ਪ੍ਰੋਡਕਟਸ ਹਨ ਜਿਨ੍ਹਾਂ ਨੂੰ ਪ੍ਰਦਰਸ਼ਤ ਕਰ ਕੇ ਸੂਬੇ ਦੇ ਹੋਰਨਾਂ ਉੱਦਮੀਆਂ ਖ਼ਾਸ ਕਰ ਕੇ ਛੋਟੇ ਨਿਰਮਾਤਾਵਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ . ਇਨ੍ਹਾਂ ਨੂੰ ਪੈਦਾਵਾਰ ਅਤੇ ਕੀਤੇ ਮਾਲ ਦੀ ਵਿੱਕਰੀ ਲਈ ਹੋਰ ਸੰਭਵ ਮਦਦ ਦਿੱਤੇ ਜਾਣ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ .ਨਵੇਂ ਅਤੇ ਪੁਰਾਣੇ ਯੂਨਿਟਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਮੁਹੱਈਆ ਕਰਾਉਣ ਤੋਂ ਇਲਾਵਾ 10 ਕਰੋੜ ਤੱਕ ਦੇ ਇੰਡਸਟ੍ਰੀਅਲ ਯੂਨਿਟਾਂ ਨੂੰ ਜ਼ਿਲ੍ਹਾ ਪੱਧਰ ਤੇ ਪ੍ਰਵਾਨਗੀ ਦੇਣ ਦੇ ਫ਼ੈਸਲੇ ਪਹਿਲਾਂ ਹੀ ਲਾਗੂ ਕੀਤੇ ਜਾ ਚੁੱਕੇ ਹਨ।
ਇਸ ਸਮਿੱਟ ਲਈ ਛੋਟੇ , ਵੱਡੇ ਅਤੇ ਦਰਮਿਆਨੇ ਕੁਲ ਮਿਲਾ ਕੇ 3000 ਦੇ ਕਰੀਬ ਡੈਲੀਗੇਟ ਪੁੱਜਣ ਦੀ ਉਮੀਦ ਹੈ ਜਿਨ੍ਹਾਂ ਵਿਚ ਸਰਵਿਸ ਇੰਡਸਟਰੀ , ਆਈ ਟੀ , ਟੂਰਿਜ਼ਮ, ਹਾਊਸਿੰਗ ਅਤੇ ਹੌਸਪੀਟੈਲਿਟੀ ਇੰਡਸਟਰੀ ਸਮੇਤ ਹਰ ਤਰ੍ਹਾਂ ਦੇ ਨੁਮਾਇੰਦੇ ਹੋਣਗੇ .ਇਸ ਦੌਰਾਨ ਰੋਡ ਸ਼ੋ ਵੀ ਹੋਣਗੇ . ਸਮੁੱਚਾ ਮਕਸਦ ਜਿੱਥੇ ਦੇਸ਼ -ਵਿਦੇਸ਼ ਦੇ ਵੱਡੇ ਬਿਜ਼ਨੈੱਸ ਹਾਊਸ ਅਤੇ ਸਨਅਤਕਾਰਾਂ ਅੱਗੇ ਪੰਜਾਬ ਨੂੰ ਸ਼ੋਆ ਕੇਸ ਕਰਨਾ ਅਤੇ ਪੂੰਜੀ ਨਿਵੇਸ਼ ਲਈ ਬੁਲਾਵਾ ਦੇਣਾ ਹੋਵੇਗਾ ਉੱਥੇ ਪੰਜਾਬ ਦੇ ਐਸ ਐਮ ਐਸ ਈਜ਼ ਅਤੇ ਉੱਦਮੀਆਂ ਨੂੰ ਉਨ੍ਹਾਂ ਨਾਲ ਮੇਲ-ਜੋਲ ਅਤੇ ਕਾਰੋਬਾਰੀ ਸਾਂਝ ਪਾਉਣ ਦੇ ਮੌਕੇ ਮੁਹੱਈਆ ਕਰਨ ਵੀ ਹੈ।
ਕੁੱਲ 10 ਸੈਸ਼ਨ ਹੋਣਗੇ . ਪੰਜਾਬ ਦੇ ਪੂਰੇ ਖ਼ੁਦ ਕੈਪਟਨ ਅਮਰਿੰਦਰ ਸਿੰਘ ਸਮਿੱਟ ਦੌਰਾਨ ਡੈਲੀਗੇਟਾਂ ਅਤੇ ਉੱਦਮੀਆਂ ਨਾਲ ਆਹਮੋ-ਸਾਹਮਣੇ ਹੋਕੇ ਸਿੱਧਾ ਆਦਾਨ-ਪ੍ਰਦਾਨ ਕਰਨਗੇ।
ਸੂਬੇ ਅੰਦਰ ਹੋ ਰਹੀ ਤਿਆਰੀ ਤੋਂ ਇਲਾਵਾ ਇਸ ਸਮਿੱਟ ਲਈ ਪੰਜਾਬ ਤੋਂ ਬਾਹਰਲੇ ਸੂਬਿਆਂ ਅਤੇ ਵਿਦੇਸ਼ਾਂ ਵਿਚੋਂ ਡੈਲੀਗੇਟ ਬੁਲਾਉਣ ਲਈ ਕੈਪਟਨ ਅਮਰਿੰਦਰ ਸਿੰਘ ਦਾ 28 ਅਤੇ 29 ਅਗਸਤ ਨੂੰ ਬੈਂਗਲੁਰੂ ਜਾਣ ਦਾ ਪ੍ਰੋਗਰਾਮ ਹੈ ਜਿੱਥੇ ਉਹ ਇੰਡਸਟਰੀ ਅਤੇ ਬਿਜ਼ਨੈੱਸ ਦੇ ਮੋਹਰੀਆਂ ਨਾਲ ਮੀਟਿੰਗ ਕਰਨਗੇ . ਇਸੇ ਵਿਜ਼ਟ ਦੌਰਾਨ ਹੀ ਫਲਿੱਪ ਕਾਰਟ ਦੇ ਚੀਫ਼ ਨਾਲ ਵੀ ਮੁੱਖ ਮੰਤਰੀ ਦੀ ਮੀਟਿੰਗ ਤਹਿ ਕੀਤੀ ਗਈ ਹੈ।
ਇਸ ਤੋਂ ਬਾਅਦ 5 ਸਤੰਬਰ ਨੂੰ ਦਿੱਲੀ ਵਿਚ ਵੱਖ ਵੱਖ ਮੁਲਕਾਂ ਦੇ ਰਾਜਦੂਤਾਂ ਨਾਲ ਵੀ ਅਮਰਿੰਦਰ ਸਿੰਘ ਦੀ ਮੀਟਿੰਗ ਤਹਿ ਕੀਤੀ ਗਈ ਹੈ। ਰਜਤ ਅੱਗਰਵਾਲ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਇਸ ਸਮਿੱਟ ਦੌਰਾਨ ਸਟਾਰਟ ਅੱਪਸ ਨੂੰ ਉਤਸ਼ਾਹਿਤ ਕਰਨ ਲਈ ਵੀ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਹੋਵੇਗਾ . ਪਰਦੇਸੀ ਭਾਰਤੀਆਂ ( ਐਨ ਆਰ ਆਈਜ਼ ) ਨੂੰ ਵੀ ਇਸ ਸਮਿੱਟ ਦਾ ਹਿੱਸਾ ਬਣਾਉਣ ਦੇ ਯਤਨ ਹੋਣਗੇ ਤਾਂਕਿ ਉਹ ਰਾਜ ਦੇ ਵਿਕਾਸ 'ਚ ਹਿੱਸੇ ਦਾਰ ਹੋ ਸਕਣ।
ਸੂਬੇ ਦੇ ਉਦਯੋਗਿਕ ਮਾਹੌਲ ਬਾਰੇ ਪੁੱਛੇ ਜਾਣ ਤੇ ਰਜਤ ਅੱਗਰਵਾਲ ਨੇ ਮੰਨਿਆ ਕਿ ਸਮੁੱਚੀ ਆਰਥਕ ਮੰਦੀ ਦਾ ਪੰਜਾਬ ਤੇ ਵੀ ਅਸਰ ਹੈ ਪਰ ਫੇਰ ਵੀ ਚੰਗੀ ਗੱਲ ਇਹ ਹੈ ਕਿ ਪਿਛਲੇ ਸਮੇਂ ਦੌਰਾਨ ਸੂਬੇ ਵਿਚ ਉਦਯੋਗਿਕ ਸਰਗਰਮੀ ਵਧੀ ਹੈ ਜਿਸਦਾ ਇੱਕ ਸਬੂਤ ਇਹ ਹੈ ਕਿ ਪਿਛਲੇ ਦੋ ਸਾਲ ਦੌਰਾਨ ਇੰਡਸਟਰੀ ਵਿਚ ਬਿਜਲੀ ਦੀ ਖਪਤ 25 ਫ਼ੀ ਸਦੀ ਵਧੀ ਹੈ।
ਜਿੱਥੇ ਐਗਰੋ -ਫੂਡ ਪ੍ਰੋਸੈਸਿੰਗ , ਕੈਮੀਕਲ ਤੇ ਪੈਟਰੋ-ਕੈਮੀਕਲ , ਸਿੱਖਿਆ ਅਤੇ ਨਵੀਂ ਅਤੇ ਰੀਨਿਊਏਬਲ ਊਰਜਾ ਦੇ ਖੇਤਰ ਵਿਚ ਜਿੱਥੇ ਨਵੇਂ ਪ੍ਰੋਜੈਕਟ ਆਏ ਹਨ ਉੱਥੇ ਦਰਜਨ ਦੇ ਕਰੀਬ ਅਜਿਹੀਆਂ ਕੰਪਨੀਆਂ ਹਨ ਜਿਨ੍ਹਾਂ ਨੇ ਆਪਣੇ ਪੈਦਾ ਵਾਰੀ ਯੂਨਿਟਾਂ ਵਿਚ ਵਾਧਾ ਕਰਨ ਲਈ 50 ਹਜ਼ਾਰ ਕਰੋੜ ਤੋਂ ਵੱਧ ਦਾ ਪੂੰਜੀ ਨਿਵੇਸ਼ ਕੀਤਾ ਹੈ
ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਇਹ ਸਮਿੱਟ ਹੋਰ ਨਿਵੇਸ਼ ਅਤੇ ਇੰਡਸਟਰੀ ਤੇ ਕਾਰੋਬਾਰ ਦੇ ਵਾਧੇ ਲਈ ਬਹੁਤ ਸਹਾਈ ਹੋਵੇਗੀ।