ਪਟਿਆਲਾ, 31 ਅਗਸਤ 2019 - ਬਿਜਲੀ ਨਿਗਮ ਦੀ ਮੈਨੇਜਮੈਂਟ ਨੇ ਬਿਜਲੀ ਮੁਲਾਜ਼ਮਾ 'ਤੇ ਅਫਸਰਾਂ ਲਈ ਵੋਡਾਫੋਨ ਕੰਪਨੀ ਨਾਲ ਮੋਬਾਇਲ ਦੇ ਸੰਚਾਰ ਮਾਧਿਅਮ ਦਾ ਅਫਸਰਾਂ ਤੇ ਮੁਲਾਜ਼ਮਾਂ ਲਈ ਇਕਰਾਰ ਨਾਮਾ ਕੀਤਾ ਹੈ। ਬਿਜਲੀ ਨਿਗਮ ਦੀ ਮੈਨੇਜਮੈਂਟ ਹਰ ਮਹੀਨੇ ਕੰਪਨੀ ਨੂੰ ਦਸ ਲੱਖ ਦੇ ਕਰੀਬ ਭੁਗਤਾਨ ਕਰਦੀ ਹੈ। ਪੰਜਾਬ ਸਰਕਾਰ ਦੇ ਨਿਯਮਾ ਮੁਤਾਬਿਕ ਬਿਜਲੀ ਮੁਲਾਜ਼ਮਾ ਨੂੰ 250 ਰੁਪਏ 300, 500 ਰੁਪਏ ਦਾ ਮੋਬਾਇਲ ਭੱਤਾ ਮਿਲਣ ਯੋਗ ਹੈ। ਪਰ ਮੈਨੇਜਮੈਂਟ ਹਰ ਮਹੀਨੇ ਮੁਲਾਜਮਾਂ ਨੂੰ ਮੋਬਾਇਲ ਭੱਤਾ ਨਕਦ ਦੇਣ ਦੀ ਬਜਾਏ ਕੰਪਨੀ ਨੂੰ ਮੁਲਾਜ਼ਮਾਂ ਦੀ ਤਨਖਾਹ ਵਿੱਚੋਂ ਇਸ ਭੱਤੇ ਦੀ ਅਦਾਇਗੀ ਕਰ ਰਹੀ ਹੈ। ਇਸ ਸਮੇਂ ਮਾਰਕੀਟ ਵਿੱਚ ਕਈ ਕੰਪਨੀਆਂ 400 ਰੁਪਏ ਤਿੰਨ ਮਹੀਨੇ ਲਈ 4 ਜੀ ਪੈਕੇਜ਼ ਦੇ ਰਹੀਆਂ ਹਨ, ਲੇਕਿਨ ਵੋਡਾਫੋਨ ਮੁਲਾਜ਼ਮਾ ਨੂੰ ਮਿਲਦੇ ਭੱਤੇ ਤੋਂ ਇਲਾਵਾਂ ਹੋਰ ਜਿਆਦਾ ਬਿਲ ਭੇਜ ਰਿਹਾ ਹੈ। ਜਿਸ ਦੀ ਕਟੌਤੀ ਮੁਲਾਜ਼ਮਾਂ ਦੀ ਤਨਖਾਹ ਵਿੱਚੋਂ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਮੁਲਾਜ਼ਮਾਂ ਨੂੰ ਵੋਡਾਫੋਨ ਕੰਪਨੀ ਰਾਹੀ ਮਿਲਦੇ ਪੈਕਜ਼ ਵਿੱਚ ਘਾਟਾ ਪੈ ਰਿਹਾ ਹੈ। ਬਿਜਲੀ ਏਕਤਾ ਮੰਚ ਪੰਜਾਬ ਦੇ ਸੁਬਾਈ ਆਗੂਆਂ ਹਰਭਜਨ ਸਿੰਘ ਪਿਲਖਣੀ, ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆ ਤੇ ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ, ਅਵਤਾਰ ਸਿੰਘ ਸੇਰਗਿਲ, ਮਹਿੰਦਰ ਸਿੰਘ ਲਹਿਰਾ ਨੇ ਮੰਗ ਕੀਤੀ ਕਿ ਬਿਜਲੀ ਮੁਲਾਜਮਾਂ ਨੂੰ ਕਿਸੇ ਵੀ ਕੰਪਨੀ ਤੋਂ ਸਿਮ ਲੈਣ ਦੀ ਆਗਿਆ ਦਿੱਤੀ ਜਾਵੇ ਅਤੇ ਮੁਲਾਜ਼ਮਾਂ ਨੂੰ ਮਿਲਣ ਵਾਲਾ ਮੋਬਇਲ ਭੱਤਾ ਨਕਦ ਦਿੱਤਾ ਜਾਵੇ। ਉਹਨਾਂ ਕਿਹਾ ਕਿ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਬਿਜਲੀ ਖਰੀਦ ਸਮਝੌਤੇ ਗਲਤ ਹੋਏ ਹਨ ਜਦੋਂ ਕਿ ਵੋਡਾਫੋਨ ਕੰਪਨੀ ਨਾਲ ਕੀਤੇ ਗਲਤ ਸਮਝੌਤੇ ਰੱਦ ਨਹੀ ਕੀਤੇ ਜਾ ਰਹੇ। ਜਥੇਬੰਦੀ ਨੇ ਕਿਹਾ ਕਿ ਵੋਡਾਫੋਨ ਨਾਲ ਸਮਝੌਤਾ ਰੱਦ ਨਾ ਕਰਨ ਦੇ ਕਾਰਨ ਸਪੱਸ਼ਟ ਹੋਣੇ ਚਾਹੀਦੇ ਹਨ।