ਮਿਕਸ ਵਿਚ ਸੋਨੇ ਦਾ ਅਤੇ ਡਬਲ ਵਿਚ ਜਿੱਤਿਆ ਚਾਂਦੀ ਦਾ ਮੈਡਲ
ਪੱਖਪਾਤੀ ਸਿਲੈਕਸ਼ਨ ਪਾਲਸੀ ਦੇ ਚੱਲਦਿਆ ਸਕੂਲ ਖੇਡਾਂ ਤੋਂ ਕੀਤਾ ਕਿਨਾਰਾ
ਗੁਰਨਾਮ ਸਿੱਧੂ
ਫਿਰੋਜ਼ਪੁਰ 10 ਸਤੰਬਰ 2019: ਫਿਰੋਜ਼ਪੁਰ ਦੀ ਹੋਣਹਾਰ ਨੈਸ਼ਨਲ ਬੈਡਮਿੰਟਨ ਖਿਡਾਰਨ ਸਵਰੀਤ ਕੌਰ ਨੇ ਸੰਗਰੂਰ ਦੇ ਗੁਰੂ ਨਾਨਕ ਸਟੇਡੀਅਮ ਵਿਖੇ 5 ਤੋਂ 9 ਸਤੰਬਰ ਤੱਕ ਹੋਈ ਅੰਡਰ-17 ਰੈਕਿੰਗ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਜੌਹਰ ਵਿਖਾਉਂਦੇ ਹੋਏ ਇਕਵਾਰ ਫਿਰ ਫਿਰੋਜ਼ਪੁਰ ਦੀ ਝੋਲੀ ਵਿਚ 2 ਮੈਡਲ ਪਾਏ ਹਨ। ਇਹ ਜਾਣਕਾਰੀ ਸਵਰੀਤ ਦੇ ਕੋਚ ਪਿਤਾ ਜਸਵਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਵਰੀਤ ਨੇ ਮਿਕਸ ਡਬਲ ਵਿਚ ਸੋਨੇ ਦਾ ਅਤੇ ਡਬਲ ਵਿਚ ਚਾਂਦੀ ਦਾ ਮੈਡਲ ਜਿੱਤ ਕੇ ਡੀਸੀ ਮਾਡਲ ਸਕੂਲ ਅਤੇ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ। ਸਵਰੀਤ ਨੇ ਮਿਕਸ ਡਬਲ ਦਾ ਖਿਤਾਬ ਆਪਣੇ ਜੋੜੀਦਾਰ ਚਿਰਾਗ ਸ਼ਰਮਾ ਲੁਧਿਆਣਾ ਨਾਲ ਮਿਲ ਕੇ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਡਬਲ ਵਿਚ ਚਾਂਦੀ ਦਾ ਮੈਡਲ ਦਾ ਖਿਤਾਬ ਆਪਣੀ ਸਾਥਣ ਖਿਡਾਰਣ ਸੰਤ ਕੌਰ ਲੁਧਿਆਣਾ ਨਾਲ ਮਿਲ ਕੇ ਜਿੱਤਿਆ। ਸਵਰੀਤ ਨੇ ਇਸ ਵੱਡੀ ਜਿੱਤ ਦਾ ਸਿਹਰਾ ਆਪਣੇ ਮਾਤਾ ਪਿਤਾ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਸਵਰੀਤ ਫਿਰੋਜ਼ਪੁਰ ਵਲੋਂ ਸਭ ਤੋਂ ਵੱਧ ਬੈਡਮਿੰਟਨ ਨੈਸਨਲ ਖੇਡਣ ਵਾਲੀ ਖਿਡਾਰਣ ਹੈ। ਸਵਰੀਤ ਕੌਰ ਨੇ ਇਹ ਮੈਡਲ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਅਯੋਜਿਤ ਪ੍ਰਤੀਯੋਗਤਾ ਵਿੱਚ ਜਿੱਤੇ। ਇਸ ਮੌਕੇ ਸਵਰੀਤ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਟੀਚਾ ਨੈਸ਼ਨਲ ਵਿਚ ਮੈਡਲ ਹਾਸਲ ਕਰਨਾ ਹੈ ਪਰ ਨਾਲ ਹੀ ਉਨ੍ਹਾਂ ਭਰੇ ਮਨ ਨਾਲ ਇਹ ਵੀ ਕਿਹਾ ਕਿ ਉਹ 2015 ਤੋਂ ਸਕੂਲ ਟੂਰਨਾਮੈਂਟ ਕਮੇਟੀ ਦੀ ਪਖਪਾਤੀ ਸਿਲੈਕਸ਼ਨ ਪਾਲਸੀ ਤੋਂ ਪ੍ਰੇਸ਼ਾਨ ਹੈ ਜਿਸ ਕਾਰਨ ਮਜ਼ਬੂਰੀ ਵਿਚ ਉਹ ਆਉਣ ਵਾਲੇ ਸਮੇਂ ਵਿਚ ਸਕੂਲ ਖੇਡ ਨਹੀਂ ਖੇਡੇਗੀ। ਇਸ ਮੌਕੇ ਇਨਾਮ ਵੰਡ ਸਮਾਰੋਹ ਵਿਚ ਡੀਸੀ ਸੰਗਰੂਰ ਘਨਸਿਆਮ ਕੋਹੀ, ਐੱਸਐੱਸਪੀ ਸੰਦੀਪ ਗਰਗ, ਚੀਫ ਰੈਫਰੀ ਹਰਿੰਦਰ ਸਿੰਘ, ਮੈਡਮ ਸ਼ਕੁਰਾ ਬੇਗਮ ਹਾਜ਼ਰ ਸਨ। ਸਵਰੀਤ ਨੂੰ ਵਧਾਈ ਦੇਣ ਵਾਲਿਆਂ ਵਿੱਚ ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਅਮਰਜੀਤ ਸਿੰਘ ਭੋਗਲ, ਡੀਐੱਸਓ ਸੁਨੀਲ ਸ਼ਰਮਾ, ਅਨਿਰੁਧ ਗੁਪਤਾ ਸੀਈਓ ਡੀਸੀ ਮਾਡਲ ਸਕੂਲ, ਅਸ਼ੀਸ ਪਰਾਸਰ ਹਾਜ਼ਰ ਸਨ।