ਏ ਡੀ ਸੀ ਅਨੁਪਮ ਕਲੇਰ ਤੇ ਐਸ ਡੀ ਐਮ ਵਿਨੀਤ ਕੁਮਾਰ ਨੇ ਦਿੱਤੇ ਸੁਆਲਾਂ ਦੇ ਜੁਆਬ
ਨਵਾਂ ਸ਼ਹਿਰ, 10 ਸਤੰਬਰ,2019: ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਅੱਜ ਸਥਾਨਕ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਫ਼ਤਰ ਵਿਖੇ ‘ਕੁਲੈਕਟਰ ਦੀ ਕਲਾਸ’ ਲਾਈ ਗਈ, ਜਿਸ ਵਿੱਚ ਸ਼ਾਮਿਲ ਹੋਈਆਂ ਵਿਦਿਆਰਥਣਾਂ ਨੇ ਏ ਡੀ ਸੀ (ਜ) ਸ੍ਰੀਮਤੀ ਅਨੁਪਮ ਕਲੇਰ ਅਤੇ ਐਸ ਡੀ ਐਮ ਨਵਾਂਸ਼ਹਿਰ ਡਾ. ਵਿਨੀਤ ਕੁਮਾਰ ਨਾਲ ਸੁਆਲ-ਜੁਆਬ ਕੀਤੇ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਪਹਿਲ ਕਦਮੀ ’ਤੇ ਲਾਈ ਗਈ ਇਸ ‘ਕੁਲੈਕਟਰ ਦੀ ਕਲਾਸ’ ਨੂੰ ਅਟੈਂਡ ਕਰਨ ਵਾਲੀਆਂ ਵਿਦਿਆਰਥਣਾਂ ਨੇ ਦੋਵੇਂ ਉੱਚ ਅਧਿਕਾਰੀਆਂ ਤੋਂ ‘ਕਰੀਅਰ’ ਬਾਰੇ ਸੁਆਲ ਪੁੱਛੇ। ਆਸਮਾਨ ਛੂਹਣ ਦੀਆਂ ਚਾਹਵਾਨ ਇਨ੍ਹਾਂ ਵਿਦਿਆਰਥਣਾਂ ਨੇ ਏ ਡੀ ਸੀ ਅਨੁਪਮ ਕਲੇਰ ਪਾਸੋਂ ਸਿਵਲ ਸੇਵਾਵਾਂ ’ਚ ਕਿਸ ਤਰ੍ਹਾਂ ਜਾਇਆ ਜਾ ਸਕਦਾ ਹੈ, ਤਿਆਰੀ ਲਈ ਕਿਹੜੇ ਕੋਰਸ ਪੜ੍ਹਨੇ ਪੈਣਗੇ ਆਦਿ ਸੁਆਲ ਬੜੀ ਉਤਸੁਕਤਾ ਨਾਲ ਪੁੱਛੇ।
ਏ ਡੀ ਸੀ ਸ੍ਰੀਮਤੀ ਕਲੇਰ ਨੇ ਵਿਦਿਆਰਥਣਾਂ ਦੀ ਉਤਸੁਕਤਾ ਨੂੰ ਸ਼ਾਂਤ ਕਰਦਿਆਂ ਸਿਵਲ ਸੇਵਾਵਾਂ ’ਚ ਜਾਣ ਲਈ ਹੁਣ ਤੋਂ ਹੀ ਨਿਸ਼ਾਨਾ ਮਿੱਥਣ, ਆਮ ਗਿਆਨ ਨੂੰ ਅਪਡੇਟ ਕਰਦੇ ਰਹਿਣ ਅਤੇ ਦਿਲਚਸਪੀ ਭਰਪੂਰ ਵਿਸ਼ੇ ਪੜ੍ਹਨ ਲਈ ਆਖਿਆ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ’ਚ ਲੜਕੀਆਂ ਲਈ ਕੋਈ ਵੀ ਖੇਤਰ ਅਣਛੋਹਿਆਂ ਨਹੀਂ, ਚਾਹੇ ਉਹ ਦੇਸ਼ ਦੀ ਰੱਖਿਆ ਦਾ ਹੋਵੇ ਜਾਂ ਫ਼ਿਰ ਅੰਬਰੀਂ ਤਾਰੀਆਂ ਲਾਉਣ ਦਾ। ਉਨ੍ਹਾਂ ਕਲਪਨਾ ਚਾਵਲਾ, ਹੀਮਾ ਦਾਸ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਕੋਈ ਵੀ ਖੇਤਰ ਹੋਵੇ, ਇਰਾਦਾ ਪੱਕਾ ਹੋਵੇ, ਮੇਹਨਤੀ ਸੁਭਾਅ ਹੋਵੇ, ਮੰਜ਼ਿਲ ਪਾਈ ਜਾ ਸਕਦੀ ਹੈ।
ਇਸ ਮੌਕੇ ਇਨ੍ਹਾਂ ਵਿਦਿਆਰਥਣਾਂ ਨੂੰ ਸੈਨੇਟਰੀ ਪੈਡਜ਼ ਦੀ ਮਹੱਤਤਾ ਬਾਰੇ ਦੱਸਦੇ ਹੋਏ, ਸੈਨੇਟਰੀ ਪੈਡਜ਼ ਦੀ ਵੰਡ ਵੀ ਕੀਤੀ ਗਈ।
ਸਮਾਗਮ ਦੀ ਪ੍ਰਬੰਧਕ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜੀਤ ਕੌਰ ਅਨੁਸਾਰ ਇਨ੍ਹਾਂ ਵਿਦਿਆਰਥਣਾਂ ’ਚ ‘ਕੁਲੈਕਟਰ ਦੀ ਕਲਾਸ’ ਬਾਰੇ ਬਹੁਤ ਜ਼ਿਆਦਾ ਉਤਸ਼ਾਹ ਸੀ ਅਤੇ ਉਨ੍ਹਾਂ ਵੱਲੋਂ ਪੁੱਛੇ ਸੁਆਲਾਂ ਦੇ ਜੁਆਬ ਏ ਡੀ ਸੀ ਸ੍ਰੀਮਤੀ ਕਲੇਰ ਅਤੇ ਐਸ ਡੀ ਐਮ ਡਾ. ਵਿਨੀਤ ਕੁਮਾਰ ਵੱਲੋਂ ਬੜੇ ਵਧੀਆ ਢੰਗ ਨਾਲ ਦਿੱਤੇ ਗਏ।
ਵਧੀਕ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਵਿਦਿਆਰਥਣਾਂ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਕੰਮ-ਕਾਰ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ 19 ਸਤੰਬਰ ਨੂੰ ਆਈ ਟੀ ਆਈ ਨਵਾਂਸ਼ਹਿਰ ਅਤੇ 25 ਸਤੰਬਰ ਨੂੰ ਰਿਆਤ ਕੈਂਪਸ ਰੈਲਮਾਜਰਾ ਵਿਖੇ ਰੋਜ਼ਗਾਰ ਮੇਲੇ ਲਾਏ ਜਾ ਰਹੇ ਹਨ, ਜਿਸ ’ਚ ਨੌਜੁਆਨ ਭਾਗ ਲੈ ਕੇ ਆਪਣੀ ਪਸੰਦ ਦਾ ਰੋਜ਼ਗਾਰ ਚੁਣ ਸਕਦੇ ਹਨ।