ਚੰਡੀਗੜ੍ਹ, 11 ਸਤੰਬਰ 2019 - ਪਿਛਲੇ ਦਿਨੀ ਇਕ ਦੁਬਈ ਵਿੱਚ ਫਸੇ ਚਾਰ ਨੌਜਵਾਨਾਂ ਦਾ ਵਿਡੀਓ ਸਾਹਮਣੇ ਆਇਆ ਸੀ, ਜਿਸ ਰਾਹੀਂ ਉਨ੍ਹਾਂ ਦੁਬਈ ਵਿੱਚ ਬੜੀ ਔਖੀ ਹਾਲਤ ਵਿੱਚ ਫਸੇ ਹੋਣ ਦਾ ਜ਼ਿਕਰ ਕੀਤਾ ਅਤੇ ਸਿਆਸੀ ਪਾਰਟੀਆਂ ਨੂੰ ਉਨ੍ਹਾਂ ਦੀ ਮਦਦ ਕਰਨ ਦੀ ਗੁਹਾਰ ਲਗਾਈ। ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਇਹ ਨੌਜਵਾਨ ਇਕ ਕਮਰੇ ਚੋ ਸੋਸ਼ਲ ਮੀਡੀਆ ਦੀ ਮਦਦ ਨਾਲ ਆਪਣੇ ਸੰਪਰਕ ਨੰਬਰ ਅਤੇ ਆਪਣੀ ਆਪ ਬੀਤੀ ਬਿਆਨ ਕਰਦੇ ਨਜ਼ਰ ਆ ਰਹੇ ਹਨ।
ਵੀਡੀਓ ਸੋਸ਼ਲ ਮੀਡੀਆ ਦੇ ਜ਼ਰੀਏ ਨਾਲ ਸਮਾਜ ਸੇਵੀ ਸੰਸਥਾ “ਹੈਲਪਿੰਗ ਹੈਪਲੈੱਸ” ਦੀ ਟੀਮ ਦੇ ਧਿਆਨ ਵਿੱਚ ਆਈ, ਟੀਮ ਨੇ ਤੁਰੰਤ ਨੌਜਵਾਨਾਂ ਨਾਲ ਸੰਪਰਕ ਸਾਧਿਆ ਤੇ ਉਨ੍ਹਾਂ ਦੀ ਮੌਜੂਦਾ ਹਲਾਤਾ ਦਾ ਜਾਇਜ਼ਾ ਲਿਆ। ਫਸੇ ਹੋਏ ਨੌਜਵਾਨਾਂ ਨਾਲ ਗੱਲ ਕਰਦਿਆਂ, ਉਨ੍ਹਾਂ ਦੱਸਿਆ ਕਿ ਉਹ ਬੜੀ ਬੁਰੀ ਹਾਲਤ ਵਿੱਚ ਹਨ, ਏਜੰਟ ਸਾਨੂੰ ਵਿਜ਼ਟਰ ਵੀਜ਼ੇ ਤੇ ਦੁਬਈ ਲੈ ਕੇ ਆ ਗਿਆ ਤੇ ਜਿਹੜਾ ਕੰਮ ਲਈ ਸਾਨੂੰ ਹਿੰਦੁਸਤਾਨ ਤੋਂ ਦੱਸ ਕੇ ਲਿਆਂਦਾ ਗਿਆ ਸੀ ਸਾਨੂੰ ਉਸ ਤਰ੍ਹਾਂ ਦਾ ਕੰਮ ਵੀ ਵਾਅਦੇ ਅਨੁਸਾਰ ਨਹੀਂ ਦਿੱਤਾ ਗਿਆ। ਏਜੰਟ ਨੇ ਸਾਡੇ ਤੇ ਸਾਡੇ ਘਰਦਿਆਂ ਦੇ ਫੋਨ ਵੀ ਚੁੱਕਣੇ ਬੰਦ ਕਰ ਦਿੱਤੇ ਹਨ, ਤੇ ਸਾਨੂੰ ਦੁਬਈ ਵਿੱਚ ਫਸਾ ਕੇ ਆਪ ਫਰਾਰ ਹੋ ਗਿਆ ਹੈ।
“ਹੈਲਪਿੰਗ ਹੈਪਲੈੱਸ” ਸੰਸਥਾਂ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂੰਵਾਲੀਆਂ ਨੇ ਤੁਰੰਤ ਹਰਕਤ ਵਿੱਚ ਆਉਂਦਿਆ ਦੁਬਈ ਦੀ ਇੰਡੀਅਨ ਅੰਬੈਂਸੀ ਨਾਲ ਸੰਪਾਰਕ ਸਾਧਦਿਆਂ ਵਾਈਸ ਕੌਂਸਲਰ ਲੇਬਰ ਦੇ ਮੁਖੀ ਸ਼੍ਰੀ ਅਹੂਜਾ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਉਕਤ ਨੌਜਵਾਨਾਂ ਦੇ ਹਲਾਤਾਂ ਤੋਂ ਜਾਣੂੰ ਕਰਵਾਇਆ। ਬੀਬੀ ਰਾਮੂੰਵਾਲੀਆ ਤੇ “ਹੈਲਪਿੰਗ ਹੈਪਲੈੱਸ” ਦੀ ਟੀਮ ਨੇ ਇੰਡੀਅਨ ਐਮਬੈਸੀ ਰਾਹੀਂ ਦੋ ਨੌਜਵਾਨਾਂ ਨੂੰ ਵਾਈਟ ਪਾਸਪੋਰਟ ਦਵਾਏ ਗਏ ਤੇ ਦੋ ਦੀ ਕਨੂੰਨੀ ਕਾਰਵਾਈ ਪੂਰੀ ਹੁੰਦਿਆ ਹੀ ਉਨ੍ਹਾਂ ਨੂੰ ਵੀ ਪਾਸਪੋਰਟ ਮਿਲ ਜਾਣਗੇ, ਉਕਤ ਦੋ ਨੌਜਵਾਨਾ ਹਿੰਦੁਸਤਾਨ ਵਾਪਿਸ ਪਰਤ ਆਏ ਹਨ।