ਬਲਦੇਵ ਕੁਮਾਰ ਭਾਰਤੀ ਮੀਡਿਆ ਨਾਲ ਗੱਲਬਾਤ ਕਰਦਾ ਹੋਇਆ
ਚੰਡੀਗੜ੍ਹ, 12 ਸਤੰਬਰ 2019 - ਪਾਕਿਸਤਾਨ ਤੋਂ ਭਾਰਤ ਆਏ ਬਲਦੇਵ ਕੁਮਾਰ ਨਾਮੀ ਸ਼ਖਸ ਵੱਲੋਂ ਭਾਰਤ 'ਚ ਸਿੱਖੀ ਸਰੂਪ 'ਚ ਆ ਕੇ ਸਿਆਸੀ ਸ਼ਰਨ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਦੇ ਚਰਚੇ ਭਾਰਤੀ ਮੀਡੀਆ 'ਚ ਹੋਣ ਤੋਂ ਬਾਅਦ ਕਾਫੀ ਵਿਵਾਦ ਖੜ੍ਹਾ ਹੋ ਗਿਆ ਹੈ। ਜਿੱਥੇ ਮੀਡੀਆ ਅੱਗੇ ਬਲਦੇਵ ਕੁਮਾਰ ਆਪਣੇ ਆਪ ਨੂੰ ਪਾਕਿਸਤਾਨ ਦੇ ਸਿੱਖ ਸਿਆਸਤਦਾਨ ਦੇ ਕਤਲ ਕੇਸ 'ਚੋਂ ਬਰੀ ਹੋਇਆ ਦੱਸ ਰਿਹਾ ਹੈ, ਉਥੇ ਹੀ ਉਸਦੀਆਂ ਮੁਸ਼ਕਲਾਂ ਹੁਣ ਹੋਰ ਵਧਦੀਆਂ ਨਜ਼ਰ ਆ ਰਹੀਆਂ ਹਨ।
ਡਾ. ਸੂਰਨ ਸਿੰਘ ਦੇ ਕਤਲ ਕੇਸ 'ਚ ਫਸੇ ਬਲਦੇਵ ਕੁਮਾਰ 'ਤੇ ਬੇਟੇ ਅਜੈ ਸਿੰਘ ਵੱਲੋਂ ਸਜ਼ਾ ਦੇ ਡਰ ਤੋਂ ਭਾਰਤ ਭੱਜ ਜਾਣ ਦੇ ਦੋਸ਼ ਲਾਏ ਹਨ। ਐਚ.ਟੀ ਦੀ ਖਬਰ ਮੁਤਾਬਕ ਅਜੈ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੀ ਪੇਸ਼ਾਵਰ ਹਾਈ ਕੋਰਟ 'ਚ ਉਸਦੇ ਪਿਤਾ ਦਾ ਕਤਲ ਕੇਸ ਅਜੇ ਵਿਚਾਰ ਅਧੀਨ ਹੈ ਤੇ ਬਲਦੇਵ ਇਸ ਕੇਸ 'ਚ ਸਜ਼ਾ ਤੋਂ ਬਚਣ ਲਈ ਭਾਰਤ ਭੱਜ ਗਿਆ ਹੈ ਤੇ ਉਥੇ ਸਿਆਸੀ ਸ਼ਰਨ ਦੀ ਮੰਗ ਕਰ ਰਿਹਾ ਹੈ।
ਅਜੈ ਸਿੰਘ, ਡਾ. ਸੂਰਨ ਸਿੰਘ ਦਾ ਬੇਟਾ
ਰਿਪੋਰਟ ਮੁਤਾਬਕ ਅਜੈ ਦਾ ਕਹਿਣਾ ਹੈ ਕਿ ਬਲਦੇਵ ਉਸਦੇ ਪਿਤਾ ਨੂੰ ਸਿਆਸਤ 'ਚੋਂ ਹਟਾਉਣਾ ਚਾਹੁੰਦਾ ਸੀ ਤੇ ਉਸਨੇ ਕਿਰਾਏ ਦੇ ਗੁੰਡਿਆਂ ਤੋਂ ਮੋਟੀ ਫਿਰੌਤੀ 'ਤੇ ਉਸਦੇ ਪਿਤਾ ਦਾ ਕਤਲ ਕਰਾ ਦਿੱਤਾ। ਉਸਦਾ ਕਹਿਣਾ ਹੈ ਕਿ ਬਲਦੇਵ ਭਾਰਤ 'ਚ ਜਾ ਕੇ ਹੁਣ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਤੇ ਸਿੱਖਾਂ ਤੇ ਹੋਰਨਾਂ ਘੱਟ ਗਿਣਤੀਆਂ ਨੂੰ ਪਾਕਿਸਤਾਨ 'ਚ ਖਤਰਾ ਦੱਸ ਕੇ ਖੁਦ ਭਾਰਤ 'ਚ ਸਿੱਖ ਦਾ ਭੇਸ ਬਣਾ ਕੇ ਸਿੱਖਾਂ ਦੀ ਹਮਦਰਦੀ ਹਾਸਲ ਕਰਨਾ ਚਾਹੁੰਦਾ ਹੈ।
ਉਥੇ ਹੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਬਲਦੇਵ ਕੁਮਾਰ ਦੇ ਝਾਂਸੇ 'ਚ ਨਾ ਆਉਣ ਸਬੰਧੀ ਫੇਸਬੁੱਕ ਪੋਸਟ ਪਾਈ ਹੈ ਜਿਸ 'ਚ ਉਨ੍ਹਾਂ ਕਿਹਾ ਕਿ ਬਲਦੇਵ ਕੁਮਾਰ ਸਿੱਖ ਦਸਤਾਰ ਦੀ ਦੁਰਵਰਤੋਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ " ਪਾਕਿਸਤਾਨ ਵਿਚ ਘੱਟ ਗਿਣਤੀਆਂ ਨੂੰ ਕੋਈ ਖਤਰਾ ਨਹੀਂ ਹੈ। ਇਥੋਂ ਤਕ ਕਿ ਉਸ ਦੇ ਆਪਣੇ ਭਰਾ ਨੇ ਕਤਲ ਕੇਸ ਵਿਚ ਉਸ ਖ਼ਿਲਾਫ਼ ਬਿਆਨ ਦਰਜ ਕਰਵਾ ਦਿੱਤਾ ਸੀ ਅਤੇ ਕੇਸ ਦੀ ਅਗਲੀ ਤਰੀਕ 30 ਸਤੰਬਰ ਹੈ।"
ਉਥੇ ਹੀ ਮੀਡੀਆ ਰਿਪੋਰਟਾਂ ਮੁਤਾਬਕ ਸ਼ੀਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਵੀ ਇਹ ਗੱਲ ਆਖੀ ਹੈ ਕਿ ਭਾਰਤ ਸਰਕਾਰ ਇਸ ਸ਼ਖਸ ਨੂੰ ਸਿਆਸੀ ਪਨਾਹ ਨਾ ਦੇਵੇ। ਉਨ੍ਹਾਂ ਕਿਹਾ ਕਿ ਇਹ ਪਾਕਿਸਤਾਨ ਦੀ ਕੋਈ ਨਵੀਂ ਚਾਲ ਹੋ ਸਕਦੀ ਹੈ। ਉਸ ਕਿਹਾ ਕਿ ਇਸ 'ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ।