ਚੰਡੀਗੜ੍ਹ, 12 ਸਤੰਬਰ 2019 - ਬੀਤੇ ਦਿਨੀਂ ਬਰਾਨਾਲਾ 'ਚ ਇੱਕ ਨੌਜਵਾਨ ਕਿਸਾਨ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਮੌਜੂਦਾ ਸਰਕਾਰ ਸਵਾਲਾਂ ਦੇ ਘੇਰੇ 'ਚ ਹੈ। ਮ੍ਰਿਤਕ ਨੌਜਵਾਨ ਆਪਣੇ ਟੱਬਰ ਦੀ ਚੌਥੀ ਪੀੜ੍ਹੀ ਸੀ ਜਿਸਨੇ ਆਪਣੇ ਬਾਪ ਦਾਦਿਆਂ ਦੇ ਰਾਹ ਚਲਦਿਆਂ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਲਵਪ੍ਰੀਤ ਸਿੰਘ (22) ਪਿੰਡ ਭੋਤਨਾ ਦਾ ਰਹਿਣ ਵਾਲਾ ਸੀ ਤੇ ਉਸਦੇ ਸਿਰ 'ਤੇ ਕਰੀਬ 8 ਲੱਖ ਰੁਪਏ ਦਾ ਕਰਜ਼ਾ ਸੀ।
ਲਵਪ੍ਰੀਤ ਦੀ ਮੌਤ ਤੋਂ ਬਾਅਦ ਪਰਿਵਾਰ ਵਿਚ ਉਸ ਦੀ ਮਾਂ ਹਰਪਾਲ ਕੌਰ, ਦਾਦੀ ਗੁਰਦੇਵ ਕੌਰ ਅਤੇ ਛੋਟੀ ਭੈਣ ਹੀ ਰਹਿ ਗਈਆਂ ਹਨ ਜਦੋਂਕਿ ਪਰਿਵਾਰ ਦੇ ਬੰਦਿਆਂ ਨੂੰ ਕਰਜ਼ਨੁਮਾ ਦੈਂਤ ਨੇ ਨਿਗਲ ਲਿਆ ਹੈ। ਕਰਜ਼ੇ ਕਾਰਨ ਪਰਿਵਾਰ ਨੂੰ ਆਰਥਿਕ ਤੰਗੀ ਦੀ ਅਜਿਹੀ ਮਾਰ ਪਈ ਕਿ ਲਵਪ੍ਰੀਤ ਦੀ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ’ਚੋਂ ਲਾਸ਼ ਲੈਣ ਲਈ ਵੀ ਪੈਸਿਆਂ ਦਾ ਪ੍ਰਬੰਧ ਰਿਸ਼ਤੇਦਾਰਾਂ ਵਲੋਂ ਕੀਤਾ ਗਿਆ।
ਲੰਘੇ ਦਿਨ ਲਵਪ੍ਰੀਤ ਦਾ ਸਸਕਾਰ ਕਰ ਦਿੱਤਾ ਗਿਆ ਪਰ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਲਵਪ੍ਰੀਤ ਦੇ ਸਸਕਾਰ ਮੌਕੇ ਸਰਕਾਰ ਜਾਂ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ।
ਇਸ ਘਟਨਾ 'ਤੇ ਡੂੰਘਾ ਦੁੱਖ ਜ਼ਾਹਰ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਲਵਪ੍ਰੀਤ ਦੀ ਖ਼ੁਦਕੁਸ਼ੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਰਜ਼ਾ ਮੁਆਫ਼ੀ ਪ੍ਰੋਗਰਾਮ ਤੇ ਐਲਾਨਾਂ ਦੇ ਪਾਜ ਉਧੇੜ ਦਿੱਤੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰੀ ਖ਼ਜ਼ਾਨੇ 'ਚ ਲੋਕਾਂ ਦਾ ਲੱਖਾਂ ਰੁਪਏ ਖ਼ਰਚ ਕੇ ਅਖ਼ਬਾਰਾਂ ਤੇ ਟੈਲੀਵਿਜ਼ਨਾਂ 'ਤੇ ਕਰਜ਼ਾ ਮੁਆਫ਼ੀ ਬਾਰੇ ਝੂਠ ਬੋਲਣ ਵਾਲੇ ਕੈਪਟਨ ਅਮਰਿੰਦਰ ਸਿੰਘ ਇਹ ਤਾਂ ਦੱਸ ਦੇਣ ਕਿ ਕਰਜ਼ਾ ਕਿਸ ਦਾ ਮੁਆਫ਼ ਕੀਤਾ ਹੈ।