ਸੰਕੇਤਕ ਤਸਵੀਰ
ਗੁਰਨਾਮ ਸਿੱਧੂ
ਫ਼ਿਰੋਜ਼ਪੁਰ 12 ਸਤੰਬਰ : ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਸਕੂਲਾਂ ਵਿਚ ਚੱਲ ਰਹੀ ਸਤੰਬਰ ਮਹੀਨੇ ਦੀ ਪ੍ਰੀਖਿਆਵਾਂ ਵਿਚ ਅੱਜ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੇ ਹੋਸ਼ ਉੱਡ ਗਏ ਜਦ ਹਿੰਦੀ ਵਿਸ਼ੇ ਦਾ 12 ਨੰਬਰ ਦਾ ਪੇਪਰ ਉਸ ਪਾਠ ਵਿਚੋਂ ਆ ਗਿਆ ਜੋ ਅਜੇ ਤੱਕ ਉਨ੍ਹਾਂ ਨੂੰ ਪੜਾਇਆ ਹੀ ਨਹੀਂ ਗਿਆ।
ਜਦੋਂ ਕਿ ਵਿਭਾਗ ਵਲੋਂ ਜਾਰੀ ਹਦਾਇਤਾਂ ਵਿਚ ਕਿਹਾ ਗਿਆ ਸੀ ਕਿ ਸਤੰਬਰ ਮਹੀਨੇ ਦੇ ਪੇਪਰਾਂ ਵਿਚ ਅਪ੍ਰੈਲ ਤੋਂ ਅਗਸਤ ਮਹੀਨੇ ਦਾ ਸਿਲੇਬਸ ਸ਼ਾਮਿਲ ਹੈ। ਇਹਨਾਂ ਵਿੱਚ ਅਪਰੈਲ, ਮਈ ਦਾ ਸਿਲੇਬਸ 25% ਅਤੇ ਜੁਲਾਈ, ਅਗਸਤ ਦਾ ਸਿਲੇਬਸ 75 % ਹੋਵੇਗਾ। ਸਾਰੇ ਅਧਿਆਪਕਾਂ ਨੇ ਇਸ ਸਿਲੇਬਸ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਵਿਦਿਆਰਥੀਆਂ ਨੂੰ ਤਿਆਰੀ ਕਰਵਾਈ ਸੀ। ਪਰ ਅੱਜ ਜਦੋਂ ਪੰਜਵੀਂ ਜਮਾਤ ਦਾ ਹਿੰਦੀ ਦਾ ਪੇਪਰ ਵਿਦਿਆਰਥੀਆਂ ਨੂੰ ਦਿੱਤਾ ਗਿਆ ਤਾਂ ਉਸ ਵਿਚ ਸਤੰਬਰ ਮਹੀਨੇ ਵਿਚ ਕਰਵਾਏ ਜਾਣ ਵਾਲੇ ਪਾਠਾਂ ਵਿਚੋਂ ਪੇਪਰ ਆਉਣ 'ਤੇ ਅਧਿਆਪਕ ਵੀ ਹੈਰਾਨ ਰਹਿ ਗਏ। ਅਧਿਆਪਕਾਂ ਵਿਚ ਚਰਚਾ ਹੈ ਕਿ ਜੇ ਅਜਿਹੀ ਗਲਤੀ ਕਿਸੇ ਅਧਿਆਪਕ ਤੋਂ ਹੋ ਜਾਂਂਦੀ ਹੈ ਤਾਂ ਵਿਭਾਗ ਨੇ ਉਸ 'ਤੇ ਤੁਰੰਤ ਕਾਰਵਾਈ ਕਰਨੀ ਸੀ। ਹੁਣ ਇਹ ਆਉਣ ਵਾਲਾ ਸਮਾਾਂ ਹੀ ਦੱਸੇਗਾ ਕਿ ਵਿਭਾਗ ਆਪਣੀ ਇਸ ਗਲਤੀ 'ਤੇ ਕੀ ਕਰਵਾਈ ਕਰਦਾ ਹੈ। ਵਰਨਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅੱਠਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਵਿਚ ਵਿਭਾਗ ਵਿਦਿਆਰਥੀਆਂ ਦੇ ਰੋਲ ਨੰਬਰ ਆਦਿ ਲਿੱਖਣ ਲਈ ਥਾਂ ਦੇੇਣਾ ਭੁੱਲ ਗਿਆ ਸੀ ਤੇ ਉਸ ਸਮੇਂ ਦੇ ਸਿੱਖਿਆ ਮੰਤਰੀ ਓ ਪੀ ਸੋਨੀ ਨੇ ਸਬੰਧਤ ਅਧਿਕਾਰੀਆਂ 'ਤੇ ਕਾਰਵਾਈ ਕਰਨ ਦੀ ਗੱਲ ਕਹੀ ਸੀ ਜੋ ਅੱਜ ਤੱਕ ਨਹੀਂ ਹੋਈ। ਓਧਰ ਬੱਚਿਆਂ ਅਤੇ ਅਧਿਆਪਕਾਂ ਨੇ ਇਸ ਗਲਤੀ ਨੂੰ ਸੁਧਾਰਨ ਦੀ ਮੰਗ ਕੀਤੀ ਹੈ।